ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 29 ਨਵੰਬਰ
ਸਰਵ ਸਿੱਖਿਆ ਅਭਿਆਨ/ਮਿੱਡ-ਡੇਅ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਅਸ਼ੀਸ਼ ਜੁਲਾਹਾ, ਰਾਜਿੰਦਰ ਸਿੰਘ ਸੰਧਾ, ਵਿਕਾਸ ਕੁਮਾਰ, ਚਮਕੌਰ ਸਿੰਘ, ਹਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ, ਬਲਜਿੰਦਰ ਸਿੰਘ ਤੇ ਯੁਵਰਾਜ ਸ਼ਰਮਾ ਦੀ ਸਾਂਝੀ ਅਗਵਾਈ ਹੇਠ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨਾ ਅੱਜ ਵੀ ਜਾਰੀ ਰਿਹਾ। ਅੱਜ ਕੱਚੇ ਕਾਮਿਆਂ ਨੇ ਧਰਨੇ ਵਾਲੀ ਥਾਂ ਉੱਤੇ ਪੰਜਾਬ ਸਰਕਾਰ ਵੱਲੋਂ ਥਾਂ-ਥਾਂ ਲਗਾਏ ਗਏ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਹੋਰਡਿੰਗਜ਼ ਦੀ ਪੰਡਤ ਕੋਲੋਂ ਪੂਜਾ ਕਰਵਾਈ ਅਤੇ ਸਰਕਾਰ ਦੇ ਝੂਠੇ ਲਾਰਿਆਂ ਸਬੰਧੀ ਲੌਲੀਪੌਪ ਦਾ ਪ੍ਰਸ਼ਾਦ ਵੰਡ ਕੇ ਵੱਖਰੇ ਢੰਗ ਨਾਲ ਰੋਸ ਦਿਖਾਵਾ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਥਾਂ-ਥਾਂ ਲੱਗੇ ਇਹ ਇਸ਼ਤਿਹਾਰੀ ਬੋਰਡ ਬਿਲਕੁਲ ਝੂਠੇ ਹਨ, ਕਿਉਂਕਿ ਹੁਣ ਤੱਕ ਨਾ ਕੋਈ ਕਰਮਚਾਰੀ ਪੱਕਾ ਕੀਤਾ ਹੈ ਅਤੇ ਨਾ ਹੀ ਕਿਸੇ ਹੁਕਮਰਾਨ ਨੇ ਧਰਨਿਆਂ ’ਤੇ ਬੈਠੇ ਕੱਚੇ ਮੁਲਾਜ਼ਮਾਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਐਲਾਨ ਬਿਲਕੁਲ ਫੋਕੇ ਹਨ ਅਤੇ ਪੰਜਾਬ ਦੀਆਂ ਮੁੱਖ ਸੜਕਾਂ ’ਤੇ ਥਾਂ-ਥਾਂ ਲਗਾਏ ਹੋਰਡਿੰਗ ਮਹਿਜ਼ ਮਸ਼ਹੂਰੀ ਬੋਰਡ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਹੋਰਡਿੰਗ ਦੇਖਦੇ ਹਨ ਤਾਂ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪਹੁੰਚਦੀ ਹੈ ਕਿਉਂਕਿ 36000 ਕੱਚੇ ਮੁਲਾਜ਼ਮਾਂ ’ਚੋਂ ਹੁਣ ਤੱਕ ਸਰਕਾਰ ਨੇ 36 ਮੁਲਾਜ਼ਮ ਵੀ ਪੱਕੇ ਨਹੀਂ ਕੀਤੇ ਹਨ, ਇਸ ਲਈ ਕੱਚੇ ਕਾਮਿਆਂ ਨੇ ਸਰਕਾਰ ਦੇ ਲੌਲੀਪੌਪ ਅਤੇ ਝੂਠੇ ਹੋਰਡਿੰਗਾਂ ਦੀ ਸਚਾਈ ਦੱਸਣ ਲਈ ਅੱਜ ਹੋਰਡਿੰਗ ਅੱਗੇ ਬੈਠ ਕੇ ਪੰਡਤ ਤੋਂ ਪੂਜਾ ਕਰਵਾਈ ਤਾਂ ਜੋ ਮੁਲਾਜ਼ਮਾਂ ਦੀ ਫ਼ਰਿਆਦ ਸੁਣੀ ਜਾ ਸਕੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਪਹਿਲੀ ਦਸੰਬਰ ਨੂੰ ਜਲੰਧਰ ਵਿੱਚ ਸੂਬਾ ਪੱਧਰੀ ਰੈਲੀ ਕਰ ਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।
ਕੱਚੇ ਅਧਿਆਪਕਾਂ ਨੇ ਮੋਰਿੰਡਾ ਦੇ ਸ਼ਹਿਰਾਂ ਵਿਚ ਭੀਖ ਮੰਗੀ
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਸ਼ਹਿਰ ਵਿਚ ਹੁਣ ਵੱਖ-ਵੱਖ ਜਥੇਬੰਦੀਆਂ ਲਈ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਦਿੱਤੇ ਜਾਂਦੇ ਧਰਨਿਆਂ ਦਾ ਮੁੱਖ ਕੇਂਦਰ ਬਣ ਕੇ ਰਹਿ ਗਿਆ ਹੈ। ਅੱਜ ਵੀ ਕੱਚੇ ਅਧਿਆਪਕਾਂ ਦੀ ਇੱਕ ਜਥੇਬੰਦੀ ਵੱਲੋਂ ਮੋਰਿੰਡਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਡੱਬਾ ਲੈ ਕੇ ਭੀਖ ਮੰਗਣੀ ਸ਼ੁਰੂ ਕੀਤੀ ਗਈ। ਕੱਚੇ ਅਧਿਆਪਕਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕੰਮ ਕਰ ਕੇ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਹੈ। ਕਈ ਅਧਿਆਪਕ ਸਬਜ਼ੀ ਦੀ ਰੇਹੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਕਈ ਅਧਿਆਪਕ ਬੀਬੀਆਂ ਲੋਕਾਂ ਦੇ ਘਰਾਂ ਵਿੱਚ ਪੋਚੇ ਲਗਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਸਮੂਹਿਕ ਤੌਰ ’ਤੇ ਮੋਰਿੰਡਾ ਇਲਾਕੇ ਦੇ ਘਰ-ਘਰ ਵਿੱਚ ਜਾ ਕੇ ਭੀਖ ਮੰਗ ਕੇ ਆਪਣੇ ਘਰਾਂ ਦੇ ਗੁਜ਼ਾਰੇ ਚਲਾਉਣਗੇ ਅਤੇ ਉਸ ਵਿੱਚੋਂ ਕੁੱਝ ਪੈਸਾ ਪੰਜਾਬ ਦੇ ਖ਼ਜ਼ਾਨੇ ਵਿੱਚ ਵੀ ਪਾਉਣਗੇ ਕਿਉਂਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਮੇਸ਼ਾ ਖ਼ਜ਼ਾਨਾ ਖਾਲੀ ਰਹਿਣ ਦੀ ਗੱਲ ਕਹਿੰਦੇ ਹਨ। ਇਸ ਮੌਕੇ ਗਗਨ ਅਬੋਹਰ, ਵੀਰਪਾਲ ਕੌਰ ਸਿਧਾਣਾ ਤੇ ਯੂਨੀਅਨ ਮੈਂਬਰ ਮੌਜੂਦ ਸਨ।