ਕੁਲਦੀਪ ਸਿੰਘ
ਚੰਡੀਗੜ੍ਹ, 19 ਅਪਰੈਲ
ਸੈਕਟਰ 48-ਸੀ ਦਾ ਓਪਨ ਏਅਰ ਥੀਏਟਰ ਤੇ ਗ੍ਰੀਨ ਪਾਰਕ ਚੂਹਿਆਂ ਨੇ ਖੋਖਲ਼ਾ ਕਰ ਕੇ ਰੱਖ ਦਿੱਤਾ ਹੈ। ਅਸਲੀਅਤ ਇਹ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀ ਲੱਖਾਂ ਰੁਪਏ ਖਰਚ ਕਰਕੇ ਬਣਾਏ ਗਏ ਇਸ ਥੀਏਟਰ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰੀ ਬੈਠੇ ਹਨ। ਇਸ ਓਪਨ ਏਅਰ ਥਿਏਟਰ ਤੇ ਗ੍ਰੀਨ ਪਾਰਕ ਦਾ ਨੀਂਹ ਪੱਥਰ ਸੰਸਦ ਮੈਂਬਰ ਕਿਰਨ ਖੇਰ ਨੇ 15 ਦਸੰਬਰ 2017 ਨੂੰ ਤਤਕਾਲੀ ਮੇਅਰ ਆਸ਼ਾ ਜੈਸਵਾਲ, ਕਮਿਸ਼ਨਰ ਜਿਤੇਂਦਰ ਯਾਦਵ ਅਤੇ ਇਲਾਕਾ ਕੌਂਸਲਰ ਦੇਵੇਸ਼ ਮੌਦਗਿਲ ਦੀ ਹਾਜ਼ਰੀ ਵਿੱਚ ਰੱਖਿਆ ਸੀ, ਜਿਸ ਦਾ ਉਦਘਾਟਨ 17 ਜਨਵਰੀ 2019 ਨੂੰ ਕੀਤਾ ਗਿਆ ਸੀ।
ਨਗਰ ਨਿਗਮ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਬਣਾਏ ਗਏ ਗ੍ਰੀਨ ਪਾਰਕ ਅਤੇ ਥੀਏਟਰ ਦਾ ਐਂਟਰੀ ਗੇਟ ਭਾਵੇਂ ਸੜਕ ਤੋਂ ਲੰਘਦੇ ਰਾਹਗੀਰਾਂ ਨੂੰ ਆਪਣੇ ਵੱਲ ਖਿੱਚ ਪਾਉਂਦਾ ਹੈ ਅਤੇ ਥੀਏਟਰ ਦੀ ਬਣੀ ਸਟੇਜ ਵੀ ਵਧੀਆ ਬਣਾਈ ਗਈ ਹੈ ਪਰ ਥੀਏਟਰ ਵਿੱਚ ਦਰਸ਼ਕਾਂ ਦੇ ਬੈਠਣ ਵਾਲੀਆਂ ਸੀਟਾਂ ਨੇੜੇ ਚੂਹਿਆਂ ਨੇ ਮਿੱਟੀ ਪੁੱਟ ਕੇ ਖੋਦੇ ਹੋਏ ਹਨ। ਇੰਝ ਪ੍ਰਤੀਤ ਹੁੰਦਾ ਹੈ ਕਿ ਜੇਕਰ ਬੇਧਿਆਨੀ ਨਾਲ ਕੋਈ ਦਰਸ਼ਕ ਜਾ ਕੇ ਬੈਠਣ ਦੀ ਕੋਸ਼ਿਸ਼ ਕਰੇ ਤਾਂ ਉਹ ਵੱਡੇ ਖੱਡੇ ਵਿੱਚ ਧਸ ਸਕਦਾ ਹੈ।
ਨਗਰ ਨਿਗਮ ਵੱਲੋਂ ਇਸ ਪਾਰਕ ਵਿੱਚ ਬਕਾਇਦਾ ਇੱਕ ਸਾਈਟ ਸੁਪਰਵਾਈਜ਼ਰ ਅਤੇ ਜੂਨੀਅਰ ਦੀ ਤਾਇਨਾਤੀ ਵੀ ਕੀਤੀ ਹੋਈ ਹੈ। ਉਨ੍ਹਾਂ ਦੇ ਮੋਬਾਈਲ ਨੰਬਰ ਵੀ ਪਾਰਕ ਵਿੱਚ ਲੱਗੇ ਬੋਰਡ ’ਤੇ ਦਿੱਤੇ ਹੋਏ ਹਨ ਅਤੇ ਉਨ੍ਹਾਂ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਡਿਊਟੀ ਹੁੰਦੀ ਹੈ ਪਰ ਜਾਪਦਾ ਹੈ ਕਿ ਜਿਵੇਂ ਕੋਈ ਇਸ ਪਾਸੇ ਵੱਲ ਧਿਆਨ ਕਰਦਾ ਹੀ ਨਾ ਹੋਵੇ। ਥੀਏਟਰ ਵਿੱਚ ਬਣੇ ਕਮਰੇ ਠੇਕੇਦਾਰ ਦੀ ਲੇਬਰ ਦੀ ਰਿਹਾਇਸ਼ਗਾਹ ਬਣੇ ਹੋਏ ਹਨ।
ਨੇੜਲੇ ਸੈਕਟਰ 51 ਨਿਵਾਸੀ ਗੁਰਮੇਲ ਸਿੰਘ ਸਿੱਧੂ ਨੇ ਨਗਰ ਨਿਗਮ ਦੇ ਮੇਅਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਪਾਰਕ ਵੱਲ ਸਵੱਲੀ ਨਜ਼ਰ ਮਾਰੀ ਜਾਵੇ ਅਤੇ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਆਦਿ ਕਰਵਾਏ ਜਾਣ ਤਾਂ ਜੋ ਇਹ ਚੂਹਿਆਂ ਦੀ ਸੈਰਗਾਹ ਨਾ ਬਣ ਸਕੇ।
ਸਥਿਤੀ ਦਾ ਜਾਇਜ਼ਾ ਲਵਾਂਗੇ: ਮੇਅਰ
ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਸੈਕਟਰ 48-ਸੀ ਸਥਿਤ ਇਹ ਪਾਰਕ ਉਨ੍ਹਾਂ ਕਾਰਜਕਾਲ ਤੋਂ ਕਈ ਸਾਲ ਪਹਿਲਾਂ ਦਾ ਬਣਿਆ ਹੋਇਆ ਹੈ। ਉਹ ਪਤਾ ਕਰਵਾ ਲੈਂਦੇ ਹਨ ਅਤੇ ਸੋਮਵਾਰ ਨੂੰ ਅਧਿਕਾਰੀ ਭੇਜ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਥੀਏਟਰ ਤੇ ਪਾਰਕ ਦੀ ਦੇਖ-ਰੇਖ ਵਿੱਚ ਜੇਕਰ ਕੋਈ ਕਮੀ ਜਾਂ ਅਣਗਹਿਲੀ ਪਾਈ ਜਾਂਦੀ ਹੈ ਤਾਂ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਦੇਖ-ਰੇਖ ਨੂੰ ਯਕੀਨੀ ਬਣਾਇਆ ਜਾਵੇਗਾ।