ਹਰਜੀਤ ਸਿੰਘ
ਡੇਰਾਬੱਸੀ, 31 ਜੁਲਾਈ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਪੰਚਕੂਲਾ ਵਸਨੀਕ ਇਕ ਔਰਤ ਦੀ ਲਾਸ਼ ਚੂਹਿਆਂ ਨੇ ਕੁਤਰ ਲਈ। ਇਸ ਦੌਰਾਨ ਪਰਿਵਾਰ ਨੇ ਹਸਪਤਾਲ ਪ੍ਰਬੰਧਕਾਂ ’ਤੇ ਅੰਗ ਕੱਢਣ ਦਾ ਕਥਿਤ ਦੋਸ਼ ਲਾਉਂਦੇ ਹੋਏ ਹਸਪਤਾਲ ਵਿੱਚ ਜੰਮ ਕੇ ਹੰਗਾਮਾ ਕੀਤਾ।
ਮਾਮਲਾ ਤੂਲ ਫੜਦਾ ਦੇਖ ਡੇਰਾਬੱਸੀ ਦੇ ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਅਤੇ ਸਥਾਨਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 52 ਸਾਲਾ ਜਸਜੋਤ ਕੌਰ ਵਾਸੀ ਪੰਚਕੂਲਾ ਦੀ ਬੀਤੇ ਦਿਨ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੂਰ ਦਰਾਡੇ ਤੋਂ ਪਹੁੰਚਣਾ ਸੀ, ਇਸ ਕਰਕੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ। ਮ੍ਰਿਤਕਾ ਦੇ ਪਤੀ ਸੇਵਾਮੁਕਤ ਕਰਨਲ ਅਮਰਜੀਤ ਸਿੰਘ ਚੰਡੋਕ ਅਤੇ ਲੜਕੀ ਚਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਅੱਜ ਜਦੋਂ ਲਾਸ਼ ਲੈਣ ਲਈ ਪਹੁੰਚੇ ਤਾਂ ਦੇਖਿਆ ਕਿ ਚਾਦਰ ਵਿੱਚ ਲਿਪਟੀ ਲਾਸ਼ ’ਚੋਂ ਖੂਨ ਵਗ ਰਿਹਾ ਸੀ। ਜਦੋਂ ਉਨ੍ਹਾਂ ਨੇ ਹਸਪਤਾਲ ਪ੍ਰਬੰਧਕਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਸ ਤੋਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕਿਤੇ ਹਸਪਤਾਲ ਪ੍ਰਬੰਧਕਾਂ ਨੇ ਮ੍ਰਿਤਕਾ ਦੇ ਕੋਈ ਅੰਗ ਤਾਂ ਨਹੀ ਕੱਢ ਲਏ। ਸ਼ੱਕ ਗੰਭੀਰ ਹੋਣ ’ਤੇ ਉਨ੍ਹਾਂ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।
ਇਸ ਮਗਰੋਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਲਾਸ਼ ਨੂੰ ਚੂਹਿਆਂ ਨੇ ਕੁਤਰ ਦਿੱਤਾ ਹੈ। ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਮਗਰੋਂ ਸੱਚਾਈ ਸਾਹਮਣੇ ਆਵੇਗੀ।
ਡਾਇਰੈਕਟਰ ਨੇ ਅੰਗ ਕੱਢਣ ਦੇ ਦੋਸ਼ ਨਕਾਰੇ
ਹਸਪਤਾਲ ਦੇ ਡਾਇਰੈਕਟਰ ਸੁਰਿੰਦਰਪਾਲ ਸਿੰਘ ਬੇਦੀ ਨੇ ਕਿਹਾ ਕਿ ਹਸਪਤਾਲ ਦਾ ਮੁਰਦਾਘਰ ਬਾਹਰਲੇ ਪਾਸੇ ਹੈ, ਜਿੱਥੇ ਚੂਹਿਆਂ ਨੇ ਲਾਸ਼ ਨੂੰ ਕੁਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਏਗੀ ਅਤੇ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਅੰਗ ਕੱਢਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।