ਪੱਤਰ ਪ੍ਰੇਰਕ
ਖਰੜ, 5 ਨਵੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਖਰੜ ਇਕਾਈ ਨੇ ਦੀਵਾਲੀ ਮੌਕੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਗੇਟ ਅੱਗੇ ਪੁਸਤਕ ਪ੍ਰਦਰਸ਼ਨੀ ਲਗਾਈ। ‘ਕਿਤਾਬਾਂ ਖ਼ਰੀਦੋ, ਪਟਾਕੇ ਨਹੀਂ’ ਦਾ ਸੁਨੇਹਾ ਦਿੰਦੀ ਇਹ ਪੁਸਤਕ ਪ੍ਰਦਰਸ਼ਨੀ ਕਿਸਾਨ ਮੋਰਚੇ ਨੂੰ ਸਮਰਪਿਤ ਕੀਤੀ ਸੀ। ਪੁਸਤਕ ਪ੍ਰਦਰਸ਼ਨੀ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਪਿੰਡ ਸੋਹਾਣਾ ਗੁ: ਸਿੰਘ ਸ਼ਹੀਦਾਂ ਵਿੱਚ ਪੁਆਧ ਇਲਾਕੇ ਦੇ ਸਹਿਯੋਗ ਨਾਲ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਵਿੱਚ ਇਕਾਈ ਖਰੜ ਦੇ 12 ਮੈਂਬਰ ਸ਼ਾਮਲ ਹੋਏ। ਇਹ 151 ਦਿਨ ਤੋਂ ਚੱਲ ਰਹੀ ਹੈ।
ਪ੍ਰਦਰਸ਼ਨੀ ਮੌਕੇ ਚੰਡੀਗੜ੍ਹ ਜ਼ੋਨ ਦੇ ਜਥੇਬੰਦਕ ਮੁਖੀ ਪ੍ਰਿੰ. ਗੁਰਮੀਤ ਖਰੜ ਨੇ ਦੱਸਿਆ ਕਿ ਉਨ੍ਹਾਂ ਦਾ ਅਸਲ ਮਕਸਦ ਲੋਕਾਂ ਨੂੰ ਕਿਸਮਤਵਾਦੀ ਧਾਰਨਾਵਾਂ ਵਿਚੋਂ ਕੱਢ ਕੇ ਸੰਘਰਸ਼ਾਂ ਨਾਲ ਜੋੜਨਾ ਹੈ। ਉਨਾਂ ਕਿਹਾ ਕਿ ਸੰਘਰਸ਼ ਹੀ ਸਫਲਤਾ ਦਾ ਮਾਰਗ ਹੈ। ਤਰਕਸ਼ੀਲ ਖਰੜ ਇਕਾਈ ਦੇ ਜਥੇਬੰਦਕ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਮਹਿੰਗਾਈ ਨੇ ਆਮ ਆਦਮੀ ਦਾ ਪਹਿਲਾਂ ਹੀ ’ਦੀਵਾਲਾ’ ਕੱਢ ਰੱਖਿਆ ਹੈ। ਪਟਾਕੇ ਨਾ ਚਲਾਉਣ ਦੀ ਅਪੀਲ ਕਰਦਿਆਂ ਭੁਪਿੰਦਰ ਮਦਨਹੇੜੀ, ਜਰਨੈਲ ਸਹੌੜਾਂ, ਸੁਰਿੰਦਰ ਸਿੰਬਲ ਮਾਜਰਾ ਨੇ ਕਿਹਾ ਕਿ ਇਸ ਤੋਂ ਪੈਦੇ ਹੋਏ ਪ੍ਰਦੂਸ਼ਣ ਨਾਲ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਟਾਕਿਆਂ ਦੀ ਆਵਾਜ਼ ਨਾਲ ਪੰਛੀ ਅਤੇ ਜਾਨਵਰ ਸਹਿਮੇ ਰਹਿੰਦੇ ਹਨ। ਗੁਰਮੀਤ ਸਹੌੜਾਂ, ਰਾਮ ਕ੍ਰਿਸ਼ਨ ਧੁਨਕੀਆਂ, ਸੁਜਾਨ ਬਡਾਲ਼ਾ ਨੇ ਕਿਹਾ ਕਿ ਅੱਜ ਬਹੁਤ ਸਾਰੇ ਤਿਉਹਾਰ ਆਪਣੇ ਅਸਲ ਮਕਸਦ ਤੋਂ ਭਟਕ ਕੇ ਬੇਲੋੜੇ ਅਡੰਬਰਾਂ ਦਾ ਸ਼ਿਕਾਰ ਹੋ ਗਏ ਹਨ। ਬਿਕਰਮਜੀਤ ਸੋਨੀ, ਸੁਖਵੀਰ ਕੌਰ, ਗਿਲਮਨ ਖਰੜ ਨੇ ਦੀਵਾਲੀ ਨੂੰ ਸਦਭਾਵਨਾ ਅਤੇ ਪ੍ਰਦੂਸ਼ਣ ਰਹਿਤ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੀਵਾਲੀ ਮੌਕੇ ਮਹਿੰਗੇ ਤੋਹਫਿਆਂ ਅਤੇ ਮਠਿਆਈ ਦੀ ਬਜਾਏ ਪੁਤਸਕਾਂ ਅਤੇ ਪੌਦੇ ਦੇਣ ਦੀ ਪਿਰਤ ਪਾਉਣੀ ਚਾਹੀਦੀ ਹੈ। ਤਰਕਸ਼ੀਲਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੌਦੇ ਵਾਤਾਵਰਨ ਦੀ ਸਫ਼ਾਈ ਕਰਦੇ ਹਨ, ਉਸੇ ਤਰ੍ਹਾਂ ਪੁਸਤਕਾਂ ਮਨੁੱਖੀ ਦਿਮਾਗ ਦੇ ਅਗਿਆਨ ਰੂਪੀ ਹਨੇਰੇ ਨੂੰ ਸਾਫ਼ ਕਰਦੀਆਂ ਹਨ।