ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਮਈ
ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਦੇ ਵਿਦਿਆਰਥੀਆਂ ਦੀ ਖੋਜ ਦੀ ਹੁਣ ਕੌਮਾਂਤਰੀ ਪੱਧਰ ’ਤੇ ਪਛਾਣ ਬਣੇਗੀ। ਇਸ ਕਾਲਜ ਦੇ ਵਿਦਿਆਰਥੀਆਂ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਦੀ ਫਲੋਰਿੰਗ ਸਬੰਧੀ ਖੋਜ ਕੀਤੀ ਸੀ। ਇਸ ਖੋਜ ਦੇ ਆਧਾਰ ’ਤੇ ਹੀ ਰਾਸ਼ਟਰਪਤੀ ਭਵਨ ਦੇ ਪ੍ਰਕਾਸ਼ਨ ਵਿੰਗ ਵੱਲੋਂ ਇਕ ਪੁਸਤਕ ਛਪਵਾਈ ਜਾਵੇਗੀ ਜੋ ਦੋ ਜਿਲਦਾਂ ਵਿਚ ਹੋਵੇਗੀ। ਇਸ ਦੀ ਪਹਿਲੀ ਜਿਲਦ ਲਗਪਗ ਤਿਆਰ ਹੈ ਜਿਸ ਦੇ 244 ਪੰਨੇ ਹੋਣਗੇ। ਇਸ ਪੁਸਤਕ ਦੀ ਦੂਜੀ ਜਿਲਦ ਸਬੰਧੀ ਵਿਦਿਆਰਥੀਆਂ ਨੇ ਨਵੀਂ ਦਿੱਲੀ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰਪਤੀ ਭਵਨ ਦੀ ਫਲੋਰਿੰਗ ਦੀ ਖੋਜ ਸਬੰਧੀ ਇਕ ਕਮੇਟੀ ਬਣਾਈ ਗਈ ਸੀ ਜਿਸ ਦੀ ਪਿਛਲੇ ਮਹੀਨੇ ਨਵੀਂ ਦਿੱਲੀ ਵਿਚ ਹੋਈ ਮੀਟਿੰਗ ਵਿਚ ਪੁਸਤਕ ਪ੍ਰਕਾਸ਼ਿਤ ਕਰਵਾਉਣ ਬਾਰੇ ਫੈਸਲਾ ਹੋਇਆ। ਪ੍ਰਿੰਸੀਪਲ ਡਾ. ਸੰਗੀਤਾ ਬੱਗਾ ਮਹਿਤਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਪਹਿਲੇ ਪੜਾਅ ਹੇਠ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ, ਸਟੇਟ ਡਾਇਨਿੰਗ ਰੂਮ, ਲਾਇਬ੍ਰੇਰੀ, ਵਿਹੜਾ, ਹੇਠਲੇ ਬੇਸਮੈਂਟ ’ਤੇ ਖੋਜ ਕੀਤੀ ਸੀ।
ਵਿਦੇਸ਼ੀ ਮਹਿਮਾਨਾਂ ਤੇ ਰਾਜਦੂਤਾਂ ਨੂੰ ਦਿੱਤੀ ਜਾਵੇਗੀ ਪੁਸਤਕ
ਪ੍ਰਿੰਸੀਪਲ ਨੇ ਦੱਸਿਆ ਕਿ ਪਹਿਲੇ ਪੜਾਅ ਹੇਠ 2500 ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਜਾਣਗੀਆਂ। ਇਹ ਪੁਸਤਕਾਂ ਰਾਸ਼ਟਰਪਤੀ ਭਵਨ ਵਿਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਤੇ ਰਾਜਦੂਤਾਂ ਨੂੰ ਦਿੱਤੀਆਂ ਜਾਣਗੀਆਂ। ਇਸ ਪੁਸਤਕ ਦੇ ਕਵਰ ਪੇਜ ’ਤੇ ਲਾਇਬ੍ਰੇਰੀ ਦੀ ਫਲੋਰਿੰਗ ਦੀ ਤਸਵੀਰ ਹੋਵੇਗੀ। ਇਹ ਪੁਸਤਕ ਦੇਸ਼ ਦੀਆਂ ਸਿਖਰਲੀਆਂ ਲਾਇਬ੍ਰੇਰੀਆਂ, ਆਈਆਈਟੀਜ਼ ਤੇ ਆਈਆਈਐਮਜ਼ ਦੀਆਂ ਲਾਇਬ੍ਰੇਰੀਆਂ ਵਿਚ ਵੀ ਰੱਖੀ ਜਾਵੇਗੀ।