ਆਤਿਸ਼ ਗੁਪਤਾ
ਚੰਡੀਗੜ੍ਹ, 25 ਜਨਵਰੀ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਲੋਕ ਹਿੱਤ ਵਿੱਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਰੋਨਾ ਲਈ ਕਰਵਾਏ ਜਾਣ ਵਾਲੇ ਰੈਪਿਡ ਐਂਟੀਜਨ ਟੈਸਟ (ਆਰਏਟੀ) ਦੀ ਕੀਮਤ 350 ਰੁਪਏ ਦੀ ਥਾਂ 100 ਰੁਪਏ ਨਿਰਧਾਰਿਤ ਕਰ ਦਿੱਤੀ ਹੈ। ਜਦੋਂ ਕਿ ਘਰ ਤੋਂ ਸੈਂਪਲ ਦੇਣ ਵਾਲਿਆਂ ਨੂੰ ਸੌ ਰੁਪਏ ਵੱਧ ਭਾਵ 200 ਰੁਪਏ ਕੀਮਤ ਤਾਰਨੀ ਹੋਵੇਗੀ। ਇਹ ਹੁਕਮ ਚੰਡੀਗੜ੍ਹ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਜਾਰੀ ਕੀਤੇ ਹਨ।
ਹੁਕਮਾਂ ਮੁਤਾਬਕ ਰੈਪਿਡ ਐਂਟੀਜਨ ਟੈਸਟ ਲਈ ਹੁਣ 100 ਰੁਪਏ ਤੋਂ ਵੱਧ ਵਸੂਲੀ ਨਹੀਂ ਕੀਤੀ ਜਾ ਸਕੇਗੀ ਜਦੋਂ ਕਿ ਪੀਪੀਈ ਕਿਟ, ਟਰਾਂਸਪੋਰਟੇਸ਼ਨ, ਕਾਗਜ਼ੀ ਕਾਰਵਾਈ ਦੀ ਕੀਮਤ ਵੀ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਸਪਸ਼ਟ ਕੀਤਾ ਕਿ 100 ਰੁਪਏ ਤੋਂ ਵੱਧ ਵਸੂਲੀ ਕਰਨ ਵਾਲੀ ਲੈਬਾਰਟਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਯੂਟੀ ਪ੍ਰਸ਼ਾਸਨ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਚੰਡੀਗੜ੍ਹੀਆਂ ਦੇ 100 ਫ਼ੀਸਦ ਟੀਕਾਕਰਨ ਦਾ ਦਾਅਵਾ ਕੀਤਾ ਹੈ। ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸਿਹਤ ਕਾਮਿਆਂ ਨੂੰ ਇਸ ਮਾਅਰਕੇ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ 127 ਫ਼ੀਸਦ ਲੋਕਾਂ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ, ਜਦੋਂ ਕਿ 100 ਫ਼ੀਸਦ ਲੋਕਾਂ ਦੇ ਦੂਜੀ ਖੁਰਾਕ ਲੱਗ ਗਈ ਹੈ।
ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ 540 ਨਵੇਂ ਮਰੀਜ਼
ਚੰਡੀਗੜ੍ਹ(ਕੁਲਦੀਪ ਸਿੰਘ): ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਦੇ 540 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਇਸ ਤੋਂ ਇਲਾਵਾ ਅੱਜ 1275 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਣ ਉਪਰੰਤ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਜਿਸ ਦੌਰਾਨ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 7033 ਹੈ।
ਪੰਚਕੂਲਾ ਵਿੱਚ 541 ਨਵੇਂ ਕੇਸ, 2 ਹੋਰ ਮੌਤਾਂ
ਪੰਚਕੂਲਾ(ਪੀਪੀ ਵਰਮਾ): ਪੰਚਕੂਲਾ ਵਿੱਚ ਅੱਜ ਕਰੋਨਵਾਇਰਸ ਦੀ ਲਾਗ ਦੇ 541 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ ਜ਼ਿਲ੍ਹੇ ਵਿੱਚ ਕਰੋਨਾ ਕਰ ਕੇ ਦੋ ਮਹਿਲਾਵਾਂ ਦੀ ਮੌਤ ਹੋਈ ਹੈ। ਪੰਚਕੂਲਾ ਦੇ ਸਿਵਲ ਸਰਜਨ ਡਾ: ਮੁਕਤਾ ਕੁਮਾਰ ਨੇ ਦੱਸਿਆ ਕਿ ਰਿਪੋਰਟ ਹੋਏ ਨਵੇਂ ਕੇਸਾਂ ਵਿੱਚੋਂ 479 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਨਾਗਰਿਕ ਹਨ ਅਤੇ ਬਾਕੀ ਮਰੀਜ਼ ਨੇੜਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਮਰੀਜ਼ਾਂ ਵਿੱਚ 279 ਪੁਰਸ਼ ਅਤੇ 200 ਔਰਤਾਂ ਹਨ। ਇਸ ਸਮੇਂ ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਦੇ 2135 ਸਰਗਰਮ ਕੇਸ ਹਨ। ਜ਼ਿਲ੍ਹੇ ਵਿੱਚ ਕਰੋਨਾ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 93.85 ਫੀਸਦ ਤੇ ਪਾਜ਼ੇਟਿਵਿਟੀ ਦਰ 29.93 ਫੀਸਦ ਹੈ।
ਸੈਕਟਰ-32 ਹਸਪਤਾਲ ਵਿੱਚੋਂ ਕਰੋਨਾ ਪਾਜ਼ੇਟਿਵ ਔਰਤ ਫ਼ਰਾਰ
ਚੰਡੀਗੜ੍ਹ(ਟਨਸ): ਇਥੇ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਕਰੋਨਾ ਪਾਜ਼ੇਟਿਵ ਔਰਤ ਆਪਣੇ ਦੋ ਦਿਨਾਂ ਦੇ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-34 ਦੀ ਪੁਲੀਸ ਨੇ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।