ਹਰਜੀਤ ਸਿੰਘ
ਜ਼ੀਰਕਪੁਰ, 15 ਅਕਤੂਬਰ
ਇੱਥੋਂ ਦੇ ਬਲਟਾਣਾ ਖੇਤਰ ਵਿੱਚ ਮਤਰੇਏ ਪਿਤਾ ਵੱਲੋਂ 11 ਸਾਲਾਂ ਦੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 376 ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਇਕ ਸੰਸਥਾ ਵੱਲੋਂ ਉਜਾਗਰ ਕੀਤਾ ਗਿਆ ਹੈ ਜੋ ਗਰੀਬ ਬੱਚਿਆਂ ਨੂੰ ਬਲਟਾਣਾ ਪਾਰਕ ਵਿੱਚ ਮੁਫ਼ਤ ਪੜ੍ਹਾਉਂਦੀ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਪੂਜਾ ਅਰੋੜਾ ਵਾਸੀ ਮਕਾਨ ਨੰਬਰ 684 ਫੇਜ਼ 2 ਸੈਣੀ ਵਿਹਾਰ ਬਲਟਾਣਾ ਨੇ ਦੱਸਿਆ ਕਿ ਉਹ ਬਲਟਾਣਾ ਖੇਤਰ ਵਿੱਚ ਸਮਾਜ ਸੇਵੀ ਫਾਊਂਡੇਸ਼ਨ ਚਲਾਉਂਦੀ ਹੈ ਜੋ ਆਪਣੀ ਸੰਸਥਾ ਵਿੱਚ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਉਹ ਬਲਟਾਣਾ ਪੁਲੀਸ ਚੌਕੀ ਦੇ ਨਾਲ ਵਾਲੇ ਪਾਰਕ ਵਿੱਚ ਕਰੀਬ 40-50 ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਉਂਦੇ ਹਨ। ਇਸ ਦੌਰਾਨ ਸਾਹਮਣੇ ਆਇਆ ਕਿ 11 ਸਾਲ ਦੀ ਬੱਚੀ ਨੇ ਦੱਸਿਆ ਕਿ ਉਸ ਦਾ ਪਿਤਾ ਉਸ ਨਾਲ ਕਰੀਬ ਇਕ ਮਹੀਨੇ ਤੋਂ ਗਲਤ ਕੰਮ ਕਰ ਰਿਹਾ ਹੈ ਜਿਸ ਸਬੰਧੀ ਉਹ ਆਪਣੇ ਤੌਰ ’ਤੇ ਪੜਤਾਲ ਕਰਦੇ ਰਹੇ। ਇਸ ਸਬੰਧੀ ਉਨ੍ਹਾਂ ਬਲਟਾਣਾ ਚੌਕੀ ਇੰਚਾਰਜ ਨੂੰ ਇਤਲਾਹ ਦਿੱਤੀ।
ਬਲਟਾਣਾ ਚੌਕੀ ਇੰਚਾਰਜ ਥਾਣੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਸੰਤੋਸ਼ ਕੁਮਾਰ ਵਾਸੀ ਕਿਰਾਏਦਾਰ ਬਲਟਾਣਾ ਜ਼ੀਰਕਪੁਰ ਖ਼ਿਲਾਫ਼ ਧਾਰਾ 376 ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।