ਸੱਭਿਆਚਾਰਕ ਪ੍ਰਤੀਨਿਧ
ਚੰਡੀਗੜ੍ਹ, 11 ਸਤੰਬਰ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੰਜਾਬ ਕਲਾ ਭਵਨ ’ਚ ਤੇਰਾ ਸਿੰਘ ਚੰਨ ਦਾ ਸ਼ਤਾਬਦੀ ਸਮਾਗਮ ਕਰਵਾਇਆ। ਇਸ ਮੌਕੇ ਰੰਗਕਰਮੀ ਇਕੱਤਰ ਸਿੰਘ ਨੂੰ ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ ਨਾਲ ਸਨਮਾਨਿਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਰਘਬੀਰ ਸਿੰਘ ਸਿਰਜਣਾ ਨੇ ਕੀਤੀ ਤੇ ਮੁੱਖ ਮਹਿਮਾਨ ਗੁਲਜ਼ਾਰ ਸਿੰਘ ਸੰਧੂ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਸਰਬਜੀਤ ਕੌਰ ਸੋਹਲ, ਦਰਸ਼ਨ ਬੁੱਟਰ ਤੇ ਸੁਖਦੇਵ ਸਿੰਘ ਸਿਰਸਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਕੁਲਦੀਪ ਸਿੰਘ ਦੀਪ ਤੇ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਤੇਰਾ ਸਿੰਘ ਚੰਨ ਦੇ ਜੀਵਨ ਬਾਰੇ ਦੱਸਿਆ। ਇਸ ਮੌਕੇ ਸਵਰਨ ਸਿੰਘ ਸੰਧੂ ਤੇ ਯੁੱਧਵੀਰ ਸਿੰਘ ਨੇ ਤੇਰਾ ਸਿੰਘ ਚੰਨ ਦਾ ਲਿਖਿਆ ਗੀਤ ‘ਪਿਆਰੀ ਭਾਰਤ ਮਾਂ’ ਗਾਇਆ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਐਲਾਨ ਕੀਤਾ ਕਿ ਤੇਰਾ ਸਿੰਘ ਚੰਨ ਦੀਆਂ ਲਿਖਤਾਂ, ਜੀਵਨ ਦਾ ਸਫ਼ਰ, ਉਨ੍ਹਾਂ ਨਾਲ ਬਿਤਾਏ ਯਾਦਗਾਰੀ ਪਲਾਂ ਸਬੰਧੀ ਇਕ ਗ੍ਰੰਥ ਪ੍ਰਕਾਸ਼ਿਤ ਕੀਤਾ ਜਾਏਗਾ। ਗੁਲਜ਼ਾਰ ਸੰਧੂ ਹੁਰਾਂ ਨੇ ਕਿਹਾ ਕਿ ਉਹ ਜਲਦੀ ਹੀ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਕਿਸਾਨੀ ਨੂੰ ਸਮਰਪਿਤ ਤੇਰਾ ਸਿੰਘ ਚੰਨ ਹੁਰਾਂ ਦੀਆਂ ਲਿਖਤਾਂ ਨੂੰ ਕਿਤਾਬ ਰੂਪ ਵਿੱਚ ਪ੍ਰਕਾਸ਼ਿਤ ਕਰਵਾਉਣਗੇ। ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਮੰਚ ਤੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਤਰਫੋਂ ਹਰ ਵਰ੍ਹੇ ਤੇਰਾ ਸਿੰਘ ਚੰਨ ਨੂੰ ਸਮਰਪਿਤ ਇਕ ਸਲਾਨਾ ਸਮਾਗਮ ਕਰਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਸਮੁੱਚੇ ਚੰਨ ਪਰਿਵਾਰ, ਤਿੰਨੋਂ ਸਭਾਵਾਂ ਅਤੇ ਪ੍ਰਮੁੱਖ ਹਸਤੀਆਂ ਨੇ ਤੇਰਾ ਸਿੰਘ ਚੰਨ ਸ਼ਤਾਬਦੀ ਯਾਦਗਾਰੀ ਸਨਮਾਨ ਰੰਗਕਰਮੀ ਇਕੱਤਰ ਸਿੰਘ ਨੂੰ ਭੇਟ ਕੀਤਾ। ਇਸ ਮੌਕੇ ਦਰਸ਼ਨ ਬੁੱਟਰ, ਰੰਗਕਰਮੀ ਸਾਹਿਬ ਸਿੰਘ, ਦਵਿੰਦਰ ਦਮਨ, ਬੰਤ ਬਰਾੜ, ਕਮਲਜੀਤ ਢਿੱਲੋਂ ਤੇ ਡਾ. ਜਸਪਾਲ ਸਿੰਘ ਹੁਰਾਂ ਨੇ ਵੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।