ਪੱਤਰ ਪ੍ਰੇਰਕ
ਘਨੌਲੀ, 10 ਜੁਲਾਈ
ਪੁਲੀਸ ਚੌਕੀ ਭਰਤਗੜ੍ਹ ਅਧੀਨ ਪੈਂਦੇ ਲਗਪਗ ਅੱਧੀ ਦਰਜਨ ਪਿੰਡਾਂ ਲਈ ਮੁਸੀਬਤਾਂ ਦਾ ਪਹਾੜ ਬਣੇ ਪਿੰਡ ਖਰੋਟੇ ਦੇ ਰੇਲਵੇ ਫਾਟਕ ਦਾ ਮਸਲਾ ਹੱਲ ਹੋ ਗਿਆ ਹੈ। ਲਗਪਗ ਸਾਢੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 5 ਮੀਟਰ ਉੱਚੇ ਤੇ 4 ਮੀਟਰ ਚੌੜੇ ਅੰਡਰਪਾਸ ਦਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਲੋਕ ਅਰਪਣ ਕੀਤਾ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪਰਿਸ਼ਦ ਮੈਂਬਰ ਨਰਿੰਦਰ ਪੁਰੀ, ਫੋਰਮੈਨ ਅਜੀਤ ਸਿੰਘ ਖਰੋਟਾ ਤੇ ਸਰਪੰਚ ਪ੍ਰੇਮ ਸਿੰਘ ਖਰੋਟਾ ਨੇ ਦੱਸਿਆ ਕਿ ਭਾਖੜਾ ਨਹਿਰ ਦੀ ਪਟੜੀ ਦੀ ਰੇਲਵੇ ਕਰਾਸਿੰਗ ’ਤੇ ਲੱਗੇ ਫਾਟਕ ਨੂੰ ਲਗਪਗ 22 ਸਾਲ ਪਹਿਲਾਂ ਰੇਲਵੇ ਵਿਭਾਗ ਨੇ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਸੀ ਤੇ ਉਦੋਂ ਤੋਂ ਹੀ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਅਵਾਨਕੋਟ, ਖਰੋਟਾ, ਹਿੰਮਤਪੁਰ, ਕੀਮਤਪੁਰ, ਆਲੋਵਾਲ, ਕੋਟਬਾਲਾ, ਮਾਜਰੀ ਗੁੱਜਰਾਂ ਤੇ ਆਸਪੁਰ ਦੇ ਲੋਕ ਫਾਟਕ ਖੁੱਲ੍ਹਵਾਉਣ ਲਈ ਸਿਰਤੋੜ ਯਤਨ ਕਰ ਰਹੇ ਸਨ ਅਤੇ ਲੋਕਾਂ ਵੱਲੋਂ ਰੇਲ ਰੋਕੋ ਸੰਘਰਸ਼ ਵੀ ਕੀਤਾ ਗਿਆ ਸੀ, ਪਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੇਲ ਰੋਕੋ ਸੰਘਰਸ਼ ਨੂੰ ਇਹ ਵਾਅਦਾ ਕਰਦਿਆਂ ਹੋਇਆਂ ਖਤਮ ਕਰਵਾ ਦਿੱਤਾ ਸੀ ਕਿ ਦੋ ਮਹੀਨਿਆਂ ਦੇ ਅੰਦਰ ਫਾਟਕ ਮੁੜ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਣਾ ਕੇਪੀ ਨੇ ਆਪਣਾ ਵਾਅਦਾ ਪੁਗਾਉਂਦਿਆਂ ਇਹ ਅੰਡਰਪਾਸ ਬਣਵਾ ਦਿੱਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੀ ਦੂਜੀ ਸਮੱਸਿਆ ਦੇ ਹੱਲ ਲਈ ਘਨੌਲੀ ਵਾਲੇ ਪਾਸੇ ਵੀ ਪੁਲ ਦੀ ਉਸਾਰੀ ਕਰਵਾਈ ਜਾਵੇਗੀ, ਜਿਸ ਦਾ ਡਿਜ਼ਾਇਨ ਤਿਆਰ ਹੋ ਰਿਹਾ ਹੈ ਤੇ ਲਗਪਗ 6 ਮਹੀਨਿਆਂ ਦੇ ਅੰਦਰ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।
ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
ਰਾਣਾ ਕੇਪੀ ਸਿੰਘ ਨੇ ਅੱਜ ਇਲਾਕੇ ਵਿਚ ਚੱਲ ਰਹੇ ਲਗਪਗ 10 ਕਰੋੜ ਦੇ ਵਿਕਾਸ ਕਾਰਜਾ ਦਾ ਜਾਇਜ਼ਾ ਲਿਆ। ਇਸ ਮੌਕੇ ਊਨ੍ਹਾਂ ਕਿਹਾ ਕਿ ਚੋਣਾਂ ਦੌਰਾਨਾ ਲੋਕਾਂ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਊਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚੜ੍ਹਾਉਣ। ਅੱਜ ਦੌਰੇ ਦੌਰਾਨ ਸਪੀਕਰ ਨੇ ਨਗਰ ਕੌਂਸਲ ਨੰਗਲ ਦੇ ਦਫ਼ਤਰ ਨੇੜੇ ਬਣੇ ਕਮਿਊਨਿਟੀ ਸੈਂਟਰ, ਵਾਰਡ ਨੰਬਰ 10 ’ਚ ਬਣ ਰਹੇ ਪਰਸ਼ੁਰਾਮ ਭਵਨ, ਵਾਰਡ ਨੰਬਰ 11 ’ਚ ਬਣ ਰਹੇ ਕਮਿਊਨਿਟੀ ਸੈਂਟਰ ਤੇ ਜਵਾਹਰ ਮਾਰਕੀਟ ’ਚ ਲਗਾਏ ਜਾ ਰਹੇ ਪੇਵਰਾਂ ਦੇ ਕੰਮ ਜਾ ਜਾਇਜ਼ਾ ਲਿਆ।