ਪੱਤਰ ਪ੍ਰੇਰਕ
ਅਮਲੋਹ, 9 ਅਗਸਤ
ਸਬ ਡਿਵੀਜ਼ਨ ਅਮਲੋਹ ਵਿੱਚ ਮੱਝਾਂ ਤੇ ਗਾਵਾਂ ਵਿੱਚ ਲੰਪੀ ਸਕਿਨ ਬਿਮਾਰੀ ਦਾ ਪ੍ਰਭਾਵ ਦਿਨੋਂ ਦਿਨ ਵਧ ਰਿਹਾ ਹੈ ਜਦੋਂਕਿ ਸਰਕਾਰੀ ਸਹਾਇਤਾ ਹੇਠਲੇ ਪੱਧਰ ਤੱਕ ਨਾ ਪਹੁੰਚਣ ਕਾਰਨ ਦੁੱਧ ਉਤਪਾਦਕਾਂ ਨੂੰ ਮਹਿੰਗੇ ਭਾਅ ਦੇ ਇਲਾਜ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਦੇ ਪਿੰਡ ਉੱਚੀ ਰੁੜਕੀ, ਖਨਿਆਣ, ਫੈਜੁਲਾਪੁਰ, ਸਲਾਣਾ ਦੂਲਾ ਸਿੰਘ, ਰਾਏਪੁਰ ਅਰਾਈਆ ਤੇ ਮਾਜਰੀ ਕਿਸ਼ਨੇ ਵਾਲੀ ਵਿੱਚ ਪੀੜਤ ਕਿਸਾਨਾਂ ਨਾਲ ਮੁਲਾਕਾਤ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੁਣ ਤੱਕ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਪੱਧਰ ’ਤੇ ਕੈਂਪ ਲਗਾ ਕੇ ਪਸ਼ੂਆਂ ਦਾ ਇਲਾਜ ਕਰਵਾਇਆ ਜਾਵੇ ਤੇ ਮੌਤ ਦਾ ਸ਼ਿਕਾਰ ਹੋਏ ਪਸ਼ੂਆਂ ਦੇ ਮਾਲਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮਾਲੀ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡ ਰੁੜਕੀ ’ਚ 150 ਪਸ਼ੂ ਇਸ ਬਿਮਾਰੀ ਤੋਂ ਪੀੜਤ ਹਨ।