ਜਗਮੋਹਨ ਸਿੰਘ
ਘਨੌਲੀ, 24 ਮਈ
ਬੀਤੀ 17 ਮਈ ਨੂੰ ਪਿੰਡ ਲੋਹਗੜ੍ਹ ਵਿੱਚ ਇੱਕ ਟਰਾਂਸਪੋਰਟ ਕੰਪਨੀ ਦੇ ਮਾਲਕ ਅਤੇ ਸਟਾਫ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਅਧੀਨ ਰੂਪਨਗਰ ਦੀ ਅਦਾਲਤ ਵੱਲੋਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜੇ ਗਏ ‘ਆਪ’ ਆਗੂ ਰਾਜਿੰਦਰ ਸਿੰਘ ਘਨੌਲਾ ਨੂੰ ਅਦਾਲਤ ਵੱਲੋਂ ਦੋਸ਼ ਮੁਕਤ ਕਰਾਰ ਦੇ ਕੇ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਹੋਣ ਤੋਂ ਬਾਅਦ ਸ੍ਰੀ ਘਨੌਲਾ ਮੁੜ ਪਿੰਡ ਦਬੁਰਜੀ ਵਿੱਚ ਲਗਾਏ ਗਏ ਰੋਸ ਧਰਨੇ ਵਿੱਚ ਪੁੱਜੇ , ਜਿੱਥੇ ਉਨ੍ਹਾਂ ਦਾ ਧਰਨੇ ਵਿੱਚ ਸ਼ਾਮਲ ਇਲਾਕੇ ਦੇ ਲੋਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਘਨੌਲਾ ਨੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਫੈਕਟਰੀ ਅਤੇ ਟਰਾਂਸਪੋਰਟਰਾਂ ਦੇ ਦਬਾਅ ਹੇਠ ਆ ਕੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਉਲਝਾ ਕੇ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਝਗੜੇ ਦੇ ਸਮੇਂ ਮੌਕੇ ’ਤੇ ਮੌਜੂਦ ਨਹੀਂ ਸਨ ਤੇ ਉਨ੍ਹਾਂ ਵੱਲੋਂ ਪੇਸ਼ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਉਨ੍ਹਾਂ ਨੂੰ ਦੋਸ਼ਮੁਕਤ ਕਰਾਰ ਦਿੰਦੇ ਹੋਏ ਬਾਇੱਜ਼ਤ ਰਿਹਾਅ ਕਰ ਦਿੱਤਾ ਹੈ।