ਕਰਮਜੀਤ ਸਿੰਘ ਚਿੱਲਾ
ਮੁਹਾਲੀ, 8 ਜੁਲਾਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਅਧੀਨ ਛੇ ਸਾਲਾਂ ਲਈ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਪਾਰਟੀ ਪ੍ਰਧਾਨ ਨੇ ਲਿਖਤੀ ਨਿਰਦੇਸ਼ਾਂ ਵਿੱਚ ਦੋਹਾਂ ਉੱਤੇ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਕਰਨ ਦਾ ਦੋਸ਼ ਵੀ ਲਾਇਆ ਹੈ। ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਆਪਣੇ ਭਰਾ ਅਤੇ ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਪਿਛਲੇ ਮਹੀਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਮੁਹਾਲੀ ਨਿਗਮ ਉੱਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੈ ਅਤੇ ਬਹੁ ਗਿਣਤੀ ਕਾਂਗਰਸੀ ਕੌੰਸਲਰ ਮੇਅਰ ਦੇ ਨਾਲ ਹਨ। ਸੀਨਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਸ਼ਹਿਰ ਦੇ ਵਿਕਾਸ ਲਈ ਮੇਅਰ ਦਾ ਸਾਥ ਦੇਣਗੇ ਪਰ ਭਾਜਪਾ ਵਿੱਚ ਨਹੀਂ ਜਾਣਗੇ।
ਸ੍ਰੀ ਸੋਮਲ ਅਤੇ ਸ੍ਰੀ ਬੇਦੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਦਾ ਸਾਥ ਦੇਣਗੇ।ਬਾਕੀ ਕੌਂਸਲਰ ਵੀ ਉਨ੍ਹਾਂ ਦੇ ਨਾਲ ਹਨ।