ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 3 ਜੁਲਾਈ
ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਦੀ ਅਗਵਾਈ ਵਿੱਚ ਮੁਹਾਲੀ ਪੁਲੀਸ ਨੇ ਰਾਜ ਮਿਸਤਰੀ ਸਿਆਮ ਸਿੰਘ ਵਾਸੀ ਅੰਬ ਸਾਹਿਬ ਕਲੋਨੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਮ੍ਰਿਤਕ ਦੇ ਭਤੀਜੇ ਮੁਕੇਸ਼ ਕੁਮਾਰ ਦੇ ਬਿਆਨਾਂ ’ਤੇ 29 ਅਕਤੂਬਰ 2019 ਨੂੰ ਥਾਣਾ ਫੇਜ਼-11 ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਮਾਮਲੇ ਦੀ ਜਾਂਚ ਬਿਊਰੋ ਨੂੰ ਸੌਂਪੀ ਗਈ ਸੀ।
ਇਸ ਸਬੰਧੀ ਰੂਪਨਗਰ ਰੇਂਜ ਦੇ ਆਈਜੀ ਅਮਿਤ ਪ੍ਰਸ਼ਾਦ ਅਤੇ ਮੁਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ਾਂ ਤਹਿਤ ਪੰਜਾਬ ਬਿਊਰੋ ਆਫ਼ ਇੰਨਵੈਸਟੀਗੇਸ਼ਨ ਦੇ ਐੱਸਪੀ ਹਰਬੀਰ ਸਿੰਘ ਅਟਵਾਲ ਦੀ ਨਿਗਰਾਨੀ ਹੇਠ ਪੀਬੀਆਈ ਦੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਸਬ-ਇੰਸਪੈਕਟਰ ਕੁਲਵੰਤ ਸਿੰਘ ਅਤੇ ਥਾਣਾ ਫੇਜ਼-11 ਦੇ ਮੁਖੀ ਜਗਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਿਊਰੋ ਦੀ ਟੀਮ ਨੇ ਇਸ ਕਤਲ ਕੇਸ ਨੂੰ ਹੱਲ ਕਰਕੇ ਤਿੰਨ ਮੁਲਜ਼ਮਾਂ ਗਜ਼ਾ ਰਾਮ ਵਾਸੀ ਖੰਜੀਪੁਰਾ (ਯੂਪੀ) ਹਾਲ ਵਾਸੀ ਪਿੰਡ ਮਜਾਤੜੀ (ਮੁਹਾਲੀ), ਸਤਵੀਰ ਸੱਤਾ ਵਾਸੀ ਮਿਲਕ ਮਲਿਆਰੋਵਾਲੀ (ਯੂਪੀ) ਹਾਲ ਵਾਸੀ ਬਘੋਰਾ (ਹੁਸ਼ਿਆਰਪੁਰ) ਅਤੇ ਮਹਾਵੀਰ ਸਿੰਘ ਵਾਸੀ ਚੰਦੋਈ ਨਾਗਰਾ (ਯੂਪੀ) ਹਾਲ ਵਾਸੀ ਕਿਰਾਏਦਾਰ ਅੰਬ ਸਾਹਿਬ ਕਲੋਨੀ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਰਾਜ ਮਿਸਤਰੀ ਦਾ ਮੋਬਾਈਲ ਫੋਨ ਅਤੇ ਪਰਸ ਵੀ ਬਰਾਮਦ ਕਰ ਲਿਆ ਹੈ ਅਤੇ ਵਾਰਦਾਤ ਵੇਲੇ ਰਾਜ ਮਿਸਤਰੀ ਤੋਂ ਲੁੱਟੇ 60 ਹਜ਼ਾਰ ਰੁਪਏ ਬਰਾਮਦ ਕਰਨੇ ਬਾਕੀ ਹਨ। ਊਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਸੋਹਾਣਾ ਅਤੇ ਥਾਣਾ ਫੇਜ਼-11 ਵਿੱਚ ਚੋਰੀ ਦੇ ਦੋ ਦੋ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈੱਸਟ ਕਰਵਾਇਆ ਗਿਆ।
28 ਅਕਤੂਬਰ 2019 ਨੂੰ ਵਾਪਰੀ ਸੀ ਘਟਨਾ
ਐੱਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਰਾਜ ਮਿਸਤਰੀ ਸ਼ਿਆਮ ਸਿੰਘ ਇੱਥੋਂ ਦੇ ਫੇਜ਼-10 ਵਿੱਚ ਇਕ ਠੇਕੇਦਾਰ ਕੋਲ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਉਸਾਰੀ ਅਧੀਨ ਇਮਾਰਤ ਦੀ ਦੇਖਭਾਲ ਲਈ ਚੌਕੀਦਾਰੀ ਵੀ ਕਰਦਾ ਸੀ। ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਬਾਅਦ 28 ਅਕਤੂਬਰ ਦੀ ਸ਼ਾਮ ਨੂੰ ਤਿੰਨੇ ਮੁਲਜ਼ਮਾਂ ਨੇ ਸ਼ਿਆਮ ਸਿੰਘ ਨਾਲ ਫੇਜ਼-11 ਵਿੱਚ ਜੂਆ ਖੇਡਿਆ ਸੀ। ਇਸ ਦੌਰਾਨ ਜੂਏ ਦੇ ਸਾਰੇ ਪੈਸੇ (60 ਹਜ਼ਾਰ) ਸ਼ਿਆਮ ਸਿੰਘ ਨੇ ਜਿੱਤ ਲਏ ਸਨ। ਜੂਆ ਖੇਡਣ ਤੋਂ ਬਾਅਦ ਸ਼ਿਆਮ ਸਿੰਘ ਵਾਪਸ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਸਿਰ ਵਿੱਚ ਪੱਥਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਅਤੇ ਉਸ ਕੋਲੋਂ ਜੂਏ ’ਚ ਜਿੱਤੇ ਸਾਰੇ ਪੈਸੇ ਅਤੇ ਪਰਸ ਅਤੇ ਮੋਬਾਈਲ ਖੋਹ ਲਏ ਸਨ। ਖੂਨ ਨਾਲ ਲੱਥਪੱਥ ਸ਼ਿਆਮ ਸਿੰਘ ਨੂੰ ਅੰਬ ਸਾਹਿਬ ਕਲੋਨੀ ਨੇੜਿਓਂ ਲੰਘਦੀ ਰੇਲਵੇ ਟਰੈਕ ਨੇੜੇ ਝਾੜੀਆਂ ਦੇ ਪਿੱਛੇ ਸੁੱਟ ਦਿੱਤਾ ਸੀ। ਰਾਹਗੀਰ ਦੀ ਸੂਚਨਾ ’ਤੇ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਬਿਊਰੋ ਦੀ ਟੀਮ ਨੇ ਬਲੌਂਗੀ ਦੀ ਬਜ਼ੁਰਗ ਔਰਤ ਨੂੰ ਕਤਲ ਕਰਕੇ ਲੁੱਟਖੋਹ ਕਰਨ ਦਾ ਮਾਮਲਾ ਹੱਲ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।