ਨਿਜੀ ਪੱਤਰ ਪ੍ਰੇਰਕ
ਅੰਬਾਲਾ, 24 ਜੁਲਾਈ
ਮੁਕੰਦਪੁਰ ਮੋੜ ਲਾਗੇ ਇਕ ਮੋਟਰਸਾਈਕਲ ਵੱਲੋਂ ਟੱਕਰ ਮਾਰਨ ਕਾਰਨ ਰਾਜ ਮਿਸਤਰੀ ਜਸਬੀਰ ਸਿੰਘ ਦੀ ਮੌਤ ਹੋ ਗਈ। ਸ਼ਾਹਜ਼ਾਦਪੁਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਜਤ ਕੁਮਾਰ ਵਾਸੀ ਸਲੋਲਾ ਨੇ ਕਿਹਾ ਕਿ ਉਹ ਅਤੇ ਉਸ ਦੇ ਤਾਏ ਦੇ ਪੁੱਤਰ ਜਸਬੀਰ ਸਿੰਘ ਨੇ ਨਰਾਇਣਗੜ੍ਹ ਦੇ ਪੰਜਲਾਸਾ ਚੌਕ ਵਿੱਚ ਇੱਕ ਦੁਕਾਨ ਦੀ ਮੁਰੰਮਤ ਦਾ ਠੇਕਾ ਲਿਆ ਹੋਇਆ ਹੈ।
ਅੱਜ ਸਵੇਰੇ ਜਦੋਂ ਉਹ ਸ਼ਹਿਰ ਤੋਂ ਕੁਝ ਸਾਮਾਨ ਲੈਣ ਲਈ ਜਾ ਰਹੇ ਸਨ ਤਾਂ 10.20 ਵਜੇ ਦੇ ਕਰੀਬ ਮੁਕੰਦਪੁਰ ਚੌਕ ਕੋਲ ਸ਼ਾਹਜ਼ਾਦਪੁਰ ਵੱਲੋਂ ਆ ਰਹੇ ਮੋਟਰਸਾਈਕਲ ਸਵਾਰ ਨੇ ਜਸਬੀਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਵਿੱਚ ਵਿਅਕਤੀ ਗੰਭੀਰ ਜ਼ਖ਼ਮੀ
ਐਸ.ਏ.ਐਸ. ਨਗਰ (ਮੁਹਾਲੀ): ਇੱਥੋਂ ਦੇ ਸਪਾਈਸ ਚੌਕ ਤੋਂ ਫੇਜ਼-1 ਨੂੰ ਜਾਣ ਵਾਲੀ ਸੜਕ ’ਤੇ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਵਾਪਰੇ ਇੱਕ ਹਾਦਸੇ ਵਿੱਚ ਸਾਈਕਲ ਸਵਾਰ ਮਿਰਤੁੰਜੇ ਪਾਂਡੇ ਗੰਭੀਰ ਜ਼ਖ਼ਮੀ ਹੋ ਗਿਆ। ਸਾਈਕਲ ਸਵਾਰ ਦੇ ਭਰਾ ਰਮੇਸ਼ ਪਾਂਡੇ ਨੇ ਦੱਸਿਆ ਕਿ ਇਸ ਦੌਰਾਨ ਉੱਥੋਂ ਲੰਘ ਰਹੇ ਇੱਕ ਵਿਅਕਤੀ ਨੇ ਜ਼ਖ਼ਮੀ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ। ਰਮੇਸ਼ ਪਾਂਡੇ ਨੇ ਦੱਸਿਆ ਕਿ ਉਸ ਦੇ ਭਰਾ ਦੀ ਰੀੜ੍ਹ ਦੀ ਹੱਡੀ ਤਿੰਨ ਥਾਵਾਂ ਤੋਂ ਟੁੱਟ ਗਈ ਹੈ ਅਤੇ ਡਾਕਟਰਾਂ ਵੱਲੋਂ ਅਪਰੇਸ਼ਨ ਕੀਤਾ ਗਿਆ ਹੈ ਅਤੇ ਸੱਜਾ ਪੈਰ ਵੀ ਕੰਮ ਨਹੀਂ ਕਰ ਰਿਹਾ। ਇਸ ਸਬੰਧੀ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਜਾਂਚ ਅਧਿਕਾਰੀ ਪਾਲ ਚੰਦ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੱਤਰ ਪ੍ਰੇਰਕ