ਆਤਿਸ਼ ਗੁਪਤਾ
ਚੰਡੀਗੜ੍ਹ, 11 ਜੁਲਾਈ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਸਵੇਰੇ ਪਏ ਮੀਂਹ ਕਾਰਨ ਦਿਨ ਭਰ ਮੌਸਮ ਖੁਸ਼ਗਵਾਰ ਰਿਹਾ ਤੇ ਸ਼ਹਿਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਅੱਜ ਛੁੱਟੀ ਵਾਲਾ ਦਿਨ ਹੋਣ ਕਾਰਨ ਸੁਖਨਾ ਝੀਲ, ਰੋਜ਼ ਗਾਰਡਨ ਸਣੇ ਸ਼ਹਿਰ ਵਿੱਚ ਹੋਰ ਘੁੰਮਣ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਕੁਝ ਲੋਕ ਬਿਨਾਂ ਮਾਸਕ ਤੋਂ ਘੁੰਮਦੇ ਦਿਖਾਈ ਦਿੱਤੇ, ਜਿਨ੍ਹਾਂ ’ਤੇ ਪੁਲੀਸ ਨੇ ਸਖ਼ਤੀ ਨਾਲ ਕਾਰਵਾਈ ਕੀਤੀ।
ਮੀਂਹ ਤੋਂ ਬਾਅਦ ਸ਼ਹਿਰ ਵਿੱਚ ਸਾਰਾ ਦਿਨ ਬੱਦਲਵਾਈ ਰਹੀ ਅਤੇ ਠੰਢੀਆਂ ਹਵਾਵਾਂ ਚੱਲੀਆਂ। ਇਸ ਕਾਰਨ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਵੱਡੀ ਗਿਣਤੀ ਲੋਕ ਸੁਖਨਾ ਝੀਲ ’ਤੇ ਪਹੁੰਚੇ। ਸੁਖਨਾ ਝੀਲ ’ਤੇ ਸਵੇਰੇ ਸੈਰ ਕਰਨ ਵਾਲਿਆਂ ਦੀ ਅਤੇ ਦਿਨ ਵਿੱਚ ਸੈਲਾਨੀਆਂ ਦੀ ਭਾਰੀ ਭੀੜ ਲੱਗੀ ਰਹੀ। ਇਸ ਮੌਕੇ ਜ਼ਿਆਦਾਤਰ ਲੋਕ ਬਿਨਾਂ ਮਾਸਕ ਤੋਂ ਘੁੰਮਦੇ ਦਿਖਾਈ ਦਿੱਤੇ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਉਹ ਲੋਕਾਂ ਨੂੰ ਮਾਸਕ ਪਾਉਣ ਲਈ ਜਾਗਰੂਕ ਕਰ ਰਹੇ ਸਨ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਦੇ ਆਦੇਸ਼ਾਂ ’ਤੇ ਪੁਲੀਸ ਵੱਲੋਂ ਸੁਖਨਾ ਝੀਲ ’ਤੇ ਨਿਯਮਾਂ ਦੀ ਪਾਲਣਾ ਲਈ ਗਸ਼ਤ ਕੀਤੀ ਗਈ। ਇਸ ਦੌਰਾਨ ਚਾਰ ਥਾਵਾਂ ’ਤੇ ਦੁਪਹਿਰ ਤੱਕ ਪੁਲੀਸ ਨੇ 50 ਦੇ ਕਰੀਬ ਚਲਾਨ ਕੀਤੇ। ਸ਼ਹਿਰ ਦੇ ਸੈਕਟਰ-22 ਸਥਿਤ ਮੋਬਾਈਲ ਮਾਰਕੀਟ ਵਿੱਚ ਵੀ ਦਿਨ ਭਰ ਨੌਜਵਾਨਾਂ ਦੀ ਭੀੜ ਲੱਗੀ ਰਹੀ। ਇਹੋ ਹਾਲ ਸੈਕਟਰ-15, 16 ਦੀ ਮਾਰਕੀਟ ਵਿੱਚ ਦੇਖਣ ਨੂੰ ਮਿਲਿਆ। ਸ਼ਹਿਰ ਦੀਆਂ ਛੋਟੀਆਂ ਮਾਰਕੀਟਾਂ ਵਿੱਚ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਣ ਕਰਕੇ ਯੂਟੀ ਪ੍ਰਸ਼ਾਸਨ ਨੇ ਸਖ਼ਤੀ ਘਟਾ ਦਿੱਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਸ਼ਹਿਰ ਵਿੱਚ ਕਰੋਨਾ ਦੇ ਕੇਸ ਵਧੇ ਤਾਂ ਮੁੜ ਸਖ਼ਤੀ ਵਧਾ ਦਿੱਤੀ ਜਾਵੇਗੀ।
ਉਧਰ, ਮੌਸਮ ਵਿਭਾਗ ਅਨੁਸਾਰ ਸਵੇਰੇ ਅੱਧਾ ਘੰਟਾ ਕਿਣ-ਮਿਣ ਹੋਈ, ਜਿਸ ਕਰਕੇ ਦਿਨ ਭਰ ਸ਼ਹਿਰ ਦਾ ਤਾਪਮਾਨ ਪਹਿਲਾਂ ਨਾਲੋਂ ਘੱਟ ਦਰਜ ਕੀਤਾ ਗਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 15 ਜੁਲਾਈ ਤੱਕ ਲਗਾਤਾਰ ਮੀਂਹ ਪੈਣ ਦੇ ਆਸਾਰ ਹਨ।
ਹਲਕੇ ਮੀਂਹ ਨੇ ਨਿਗਮ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ
ਚੰਡੀਗੜ੍ਹ (ਮੁਕੇਸ਼ ਕੁਮਾਰ): ਅੱਜ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਪਏ ਮੀਂਹ ਨੇ ਚੰਡੀਗੜ੍ਹ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਅੱਜ ਸਵੇਰੇ ਕੁਝ ਦੇਰ ਪਏ ਮੀਂਹ ਨਾਲ ਇੱਥੋਂ ਦੇ ਸੈਕਟਰ 26 ਸਥਿਤ ਪੁਲੀਸ ਕਲੋਨੀ ਦੀਆਂ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ, ਜਿਸ ਨਾਲ ਉੱਥੋਂ ਦੇ ਵਾਸੀਆਂ ਨੂੰ ਕਲੋਨੀ ਤੋਂ ਬਾਹਰ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਲੋਨੀ ਵਾਸੀ ਜਸਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਹਰ ਸਾਲ ਮੌਨਸੂਨ ਵਿੱਚ ਅਜਿਹੀ ਹੀ ਸਥਿਤੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਮੀਂਹ ਦਾ ਪਾਣੀ ਇਕੱਠਾ ਹੋਣ ਸਬੰਧੀ ਚੰਡੀਗੜ੍ਹ ਨਗਰ ਨਿਗਮ ਵੱਲੋਂ ਬਣਾਏ ਗਏ ਹੈਲਪ ਡੈਸਕ ’ਤੇ ਉਨ੍ਹਾਂ ਸੰਪਰਕ ਕੀਤਾ ਪਰ ਕਿਸੀ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਕਲੋਨੀ ਵਿੱਚ ਇਕੱਠੇ ਹੋਏ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਇਸੇ ਤਰ੍ਹਾਂ ਸੈਕਟਰ 45 ਬੁੜੈਲ ਦੀ ਨਿਊ ਏਕਤਾ ਮਾਰਕੀਟ ਸ਼ਾਪਕੀਪਰਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਕਪਿਲਾ ਨੇ ਦੱਸਿਆ ਕਿ ਬਾਰਿਸ਼ ਹੋਣ ’ਤੇ ਮਾਰਕੀਟ ਦੇ ਅੰਦਰਲੀ ਸੜਕ ਸਮੇਤ ਸੈਕਟਰ 45 ਦੀ ਸਰਕੁਲਰ ਰੋਡ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਹਰ ਸਾਲ ਸੜਕਾਂ ਤੇ ਗਲੀਆਂ ਦੀ ਸਫਾਈ ਦੇ ਨਾਮ ’ਤੇ ਲੱਖਾਂ ਰੁਪਏ ਦਾ ਖਰਚ ਦਿਖਾਇਆ ਜਾਂਦਾ ਹੈ ਪਰ ਸ਼ਹਿਰ ਦੀਆਂ ਗਲੀਆਂ ਦੇ ਸਫਾਈ ਦਾ ਮੰਦੜਾ ਹਾਲ ਰਹਿੰਦਾ ਹੈ।