ਸਰਬਜੀਤ ਸਿੰਘ ਭੱਟੀ
ਲਾਲੜੂ, 9 ਜੁਲਾਈ
ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ-2 ਵਿੱਚ ਗੰਦੇ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਹੋਈ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੜ੍ਹ ਜਾਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਕੌਂਸਲ ਦੇ ਅਧਿਕਾਰੀਆਂ ਪ੍ਰਤੀ ਸਖਤ ਰੋਸ ਪ੍ਰਗਟ ਕੀਤਾ ਅਤੇ ਮਾਰਕੀਟ ਦੇ ਦੁਕਾਨਦਾਰ ਮਹਿੰਦਰਪਾਲ, ਜੈਪਾਲ ਉਰਫ ਜੇ.ਪੀ ਅਤੇ ਮੁਕੰਦੀ ਲਾਲ ਨੇ ਦੱਸਿਆ ਕਿ ਪੀਰ ਬਾਬੇ ਦੀ ਮਾਜ਼ਾਰ ਤੋਂ ਕੁੱਝ ਦੂਰੀ ਤੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਵਾਲਾ ਨਾਲਾ ਕਈ ਥਾਵਾਂ ਤੋਂ ਟੁੱਟ ਜਾਣ ਕਾਰਨ ਬੰਦ ਪਿਆ ਹੈ, ਜਿਸ ਨੂੰ ਕਈ ਮਹੀਨੇ ਹੋ ਗਏ ਹਨ। ਉਨ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਦੀ ਤੁਰੰਤ ਮੁਰੰਮਤ ਅਤੇ ਸਫਾਈ ਕਰਵਾ ਕੇ ਸਮੱਸਿਆ ਦਾ ਹੱਲ ਕੀਤਾ ਜਾਵੇ। ਕੌਂਸਲ ਦੇ ਕਾਰਜਸਾਧਕ ਅਫਸਰ ਬਰਜਿੰਦਰ ਸਿੰਘ ਨੇ ਕਿਹਾ ਕਿ ਦੱਪਰ ’ਚ ਨਾਲਿਆਂ ਦੀ ਸਫਾਈ ਹੋ ਚੁੱਕੀ ਹੈ, ਫਿਰ ਵੀ ਕੋਈ ਸਮੱਸਿਆ ਹੈ ਤਾਂ ਹੱਲ ਕੀਤੀ ਜਾਵੇਗੀ।
ਖਰੜ, (ਪੱਤਰ ਪ੍ਰੇਰਕ): ਬੀਤੇ ਦਿਨ ਹੋਈ ਪਹਿਲੀ ਬਾਰਿਸ਼ ਨਾਲ ਖਰੜ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਦੇਸੂਮਾਜਰਾ ਨੇ ਤਾਲਾਬ ਦਾ ਰੂਪ ਧਾਰਨ ਕਰ ਲਿਆ ਅਤੇ ਪਿੰਡ ਦੇ ਸਾਰੇ ਪੁਰਾਣੇ ਮਕਾਨਾਂ ਵਿੱਚ ਪਾਣੀ ਦਾਖਿਲ ਹੋ ਗਿਆ। ਇਥੋਂ ਦੇ ਵਸਨੀਕਾਂ ਤਰਸੇਮ ਸਿੰਘ, ਅਜੈਬ ਸਿੰਘ, ਜਗਦੇਵ ਸਿੰਘ, ਸ਼ੇਰ ਸਿੰਘ, ਬੇਅੰਤ ਸਿੰਘ, ਹਰਮਿੰਦਰ ਸਿੰਘ ਅਤੇ ਨਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਵਿੱਚ ਬਰਸਾਤੀ ਪਾਣੀ ਦੇ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਫਲਾਈ ਓਵਰ ਦੀ ਉਸਾਰੀ ਕਾਰਨ ਸੜਕ ਦਾ ਲੈਵਲ ਪਿੰਡ ਦੇਸੂਮਾਜਰਾ ਨਜ਼ਦੀਕ ਉੱਚਾ ਹੋ ਗਿਆ ਅਤੇ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਥਾਨਕ ਨਗਰ ਕੌਂਸਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰੇ।
ਇਸੇ ਤਰ੍ਹਾਂ ਇਥੋਂ ਦੇ ਏਪੀਜੇ ਸਕੂਲ ਮੁੰਡੀ ਖਰੜ ਦੇ ਨੇੜੇ ਰਹਿ ਰਹੇ ਕਈ ਵਸਨੀਕਾਂ ਨੇ ਜ਼ਿਲਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਕਈ ਅਧਿਕਾਰੀਆਂ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਏਪੀਜੇ ਸਕੂਲ ਨੇੜੇ ਪਾਣੀ ਦੀ ਨਿਕਾਸੀ ਦਾ ਠੀਕ ਪ੍ਰਬੰਧ ਕੀਤਾ ਜਾਵੇ ਕਿਉਂਕਿ ਅਕਸਰ ਬਰਸਾਤੀ ਪਾਣੀ ਉਨ੍ਹਾਂ ਦੇ ਘਰ ਵਿਚ ਦਾਖਿਲ ਹੋ ਜਾਂਦਾ ਹੈ।