ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 8 ਜੁਲਾਈ
ਇਸ ਖੇਤਰ ਵਿੱਚ ਅੱਜ ਪਈ ਬਾਰਿਸ਼ ਨੇ ਮੁਹਾਲੀ ਹਲਕੇ ਦੀਆਂ ਖਸਤਾ ਹਾਲ ਪੇਂਡੂ ਸੜਕਾਂ ਦੀ ਹਾਲਤ ਹੋਰ ਵਿਗਾੜ ਦਿੱਤੀ ਹੈ। ਸੜਕੀ ਟੋਇਆਂ ਵਿੱਚ ਪਾਣੀ ਭਰਨ ਨਾਲ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਪਿੰਡ ਦੇਵੀਨਗਰ (ਅਬਰਾਵਾਂ) ਤੋਂ ਗੁਡਾਣਾ ਨੂੰ ਹੋ ਕੇ ਸਨੇਟਾ ਜਾਣ ਵਾਲੀ ਸੜਕ ਦੀ ਪਹਿਲਾਂ ਹੀ ਖਸਤਾ ਹਾਲਤ ਹੋਰ ਖਰਾਬ ਹੋ ਗਈ ਹੈ। ਇਸ ਸੜਕ ਤੋਂ ਚੱਲਦੀਆਂ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਵੀ ਬੰਦ ਪਈਆਂ ਹਨ। ਇੱਥੋਂ ਲੰਘਦੇ ਸੈਂਕੜੇ ਵਾਹਨ ਹੁਣ ਢੇਲਪੁਰ ਤੋਂ ਗੋਬਿੰਦਗੜ੍ਹ ਰਾਹੀਂ ਜਾਂ ਬਠਲਾਣਾ ਪਿੰਡ ਨੂੰ ਹੋਕੇ ਲੰਘਣ ਲਈ ਮਜਬੂਰ ਹਨ। ਮਨੌਲੀ ਪਿੰਡ ਦੇ ਨੇੜੇ ਕਈਂ ਟੋਇਆਂ ਵਿੱਚ ਪਾਣੀ ਖੜ੍ਹਿਆ ਹੈ। ਥਾਂ-ਥਾਂ ਪਏ ਡੂੰਘੇ ਟੋਇਆਂ ਕਾਰਨ ਲੋਕੀਂ ਬਹੁਤ ਪ੍ਰੇਸ਼ਾਨ ਹਨ। ਦੁਰਾਲੀ ਤੋਂ ਰਾਏਪੁਰ ਖੁਰਦ ਨੂੰ ਜਾਣ ਵਾਲੀ ਸੜਕ ਵਿੱਚ ਗਮਾਡਾ ਵੱਲੋਂ ਸੜਕ ਕੱਟਕੇ ਨਵੀਂਆਂ ਸੜਕਾਂ ਕੱਢਣ ਕਾਰਨ ਪੁਰਾਣੀ ਸੜਕ ਨਹੀਂ ਬਣਾਈ ਗਈ ਤੇ ਥੋੜਾ ਜਿਹਾ ਮੀਂਹ ਪੈਂਦਿਆਂ ਹੀ ਆਵਾਜਾਈ ਠੱਪ ਹੋ ਗਈ ਹੈ।
ਖਰੜ, (ਸ਼ਸੀਪਾਲ ਜੈਨ): ਅੱਜ ਹੋਈ ਬਾਰਿਸ਼ ਨੇ ਇਥੋਂ ਦੀ ਪ੍ਰਸਿੱਧ ਸ਼ਿਵਾਲਿਕ ਸਿਟੀ ਜੋ ਲਾਂਡਰਾਂ ਰੋਡ ’ਤੇ ਸਥਿਤ ਹੈ, ਉਥੇ ਕਈ ਥਾਵਾਂ ’ਤੇ 2 ਤੋਂ 3 ਫੁੱਟ ਪਾਣੀ ਜਮ੍ਹਾਂ ਹੋਣ ਕਾਰਨ ਟੋਭੇ ਦਾ ਰੂਪ ਧਾਰ ਲਿਆ ਹੈ। ਉਥੋ ਦੇ ਵਸਨੀਕ ਗੁਰਿੰਦਰਜੀਤ ਮਾਵੀ ਅਤੇ ਹੋਰਾਂ ਨੇ ਦੱਸਿਆ ਕਿ ਸ਼ਿਵਾਲਿਕ ਸਿਟੀ ਦੇ ਗੇਟ ’ਤੇ ਇੰਨਾ ਪਾਣੀ ਇਕੱਠਾ ਹੋ ਗਿਆ ਕਿ ਉਸ ’ਚੋਂ ਪੈਦਲ ਤਾਂ ਇੱਕ ਪਾਸੇ ਕਿਸੀ ਵਾਹਨ ਦਾ ਨਿਕਲਣਾ ਵੀ ਔਖਾ ਸੀ। ਉਨ੍ਹਾਂ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਬੇਨਤੀ ਕਰਦੇ ਆ ਰਹੇ ਹਾਂ ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਜਿਸ ਵਿਕਾਸ ਸਬੰਧੀ ਕੌਂਸਲ ਦੇ ਸਾਬਕਾ ਮੈਂਬਰਾਂ ਅਤੇ ਅਧਿਕਾਰੀ ਸ਼ੋਰ ਮਚਾਉਂਦੇ ਹਨ ਕਿ ਇਹ ਉਹੀ ਵਿਕਾਸ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਬਾਰਿਸ਼ ਨਾਲ ਕਈ ਥਾਵਾਂ ’ਤੇ ਸਵੀਪਿੰਗ ਪੂਲ ਦਾ ਨਜ਼ਾਰਾ ਨਜ਼ਰ ਆ ਰਿਹਾ ਸੀ। ਉਨ੍ਹਾਂ ਮੰਗ ਕੀਤੀ ਕਿ ਇਥੋਂ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ।