ਸ਼ਸ਼ੀਪਾਲ ਜੈਨ
ਖਰੜ, 6 ਜੁਲਾਈ
ਖਰੜ ਇਲਾਕੇ ਵਿੱਚ ਅੱਜ ਸਵੇਰੇ ਪਏ ਮੀਂਹ ਕਾਰਨ ਪਿੰਡ ਦੇਸੂਮਾਜਰਾ ਦੇ ਸਰਕਾਰੀ ਹਾਈ ਸਕੂਲ ਵਿੱਚ ਚਾਰ ਫੁੱਟ ਪਾਣੀ ਭਰ ਗਿਆ ਅਤੇ ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਰਹਿ ਗਏ। ਪਾਣੀ ਏਨਾ ਜ਼ਿਆਦਾ ਸੀ ਕਿ ਅਧਿਆਪਕ ਵੀ ਜਮਾਤਾਂ ਤਕ ਨਹੀਂ ਪਹੁੰਚ ਸਕੇ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਏ ਮੀਂਹ ਕਾਰਨ ਵੀ ਇਸ ਸਕੂਲ ਦੀ ਇਮਾਰਤ ਜਲਥਲ ਹੋ ਗਈ ਸੀ। ਅੱਜ ਵੀ ਹਾਲਾਤ ਮਾੜੇ ਸਨ ਅਤੇ ਸਟਾਫ ਬਰਸਾਤੀ ਪਾਣੀ ਵਿੱਚ ਖੜ੍ਹਾ ਹੋਇਆ ਸੀ। ਇਹ ਸਕੂਲ ਖਰੜ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਹੈ ਅਤੇ ਜਦੋਂ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਪੁਲ ਦਾ ਨਿਰਮਾਣ ਕੀਤਾ ਗਿਆ ਤਾਂ ਸਕੂਲ ਅਤੇ ਪਿੰਡ ਦੇ ਬਰਸਾਤੀ ਪਾਣੀ ਦੀ ਨਿਕਾਸੀ ਵੱਲ ਧਿਆਨ ਨਹੀਂ ਦਿੱਤਾ ਗਿਆ। ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਨਾਲੇ ਦੇ ਟੋਟੇ ਨੂੰ ਅਧੂਰਾ ਛੱਡ ਕੇ ਉਸ ਦਾ ਮੂੰਹ ਸਕੂਲ ਵੱਲ ਖੋਲ੍ਹ ਦਿੱਤਾ ਗਿਆ ਜਿਸ ਕਾਰਨ ਪਿੱਛੋਂ ਆ ਰਿਹਾ ਸਾਰਾ ਬਰਸਾਤੀ ਪਾਣੀ ਇਸ ਸਕੂਲ ਵਿੱਚ ਇਕੱਠਾ ਹੋ ਜਾਂਦਾ ਹੈ।
ਐੱਸਡੀਐੱਮ ਤੇ ਸਿੱਖਿਆ ਅਧਿਕਾਰੀ ਵੱਲੋਂ ਸਕੂਲ ਦਾ ਦੌਰਾ
ਮੁੱਖ ਅਧਿਆਪਕਾ ਖੁਸ਼ਿਵੰਦਰ ਕੌਰ ਨੇ ਐੱਸਡੀਐੱਮ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਲਿਖਿਆ ਹੈ ਕਿ ਪਾਣੀ ਦੀ ਨਿਕਾਸੀ ਦਾ ਫੌਰੀ ਪ੍ਰਬੰਧ ਕੀਤਾ ਜਾਵੇ ਜਾਂ ਇਸ ਸਕੂਲ ਨੂੰ ਫਿਲਹਾਲ ਕਿਤੇ ਹੋਰ ਸ਼ਿਫਟ ਕੀਤਾ ਜਾਵੇ। ਇਸੇ ਦੌਰਾਨ ਐੱਸਡੀਐੱਮ ਰਵਿੰਦਰ ਸਿੰਘ ਅਤੇ ਸਿੱਖਿਆ ਅਫਸਰ ਸੁਸ਼ੀਲ ਨਾਥ ਨੇ ਸਕੂਲ ਦਾ ਦੌਰਾ ਕੀਤਾ। ਨਗਰ ਕੌਸਲ ਵੱਲੋਂ ਵੀ ਪਾਣੀ ਕੱਢਣ ਲਈ ਉਪਰਾਲੇ ਕੀਤੇ ਗਏ ਹਨ।
ਕੰਗ ਵੱਲੋਂ ਤਾਰਾਪੁਰ ਮਾਜਰੀ ਤੇ ਤਾਰਾਪੁਰ ਬੇਲਾ ਦਾ ਦੌਰਾ
ਕੁਰਾਲੀ (ਮਿਹਰ ਸਿੰਘ): ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਤਾਰਾਪੁਰ ਮਾਜਰੀ ਅਤੇ ਤਾਰਾਪੁਰ ਬੇਲਾ ਦੇ ਵਸਨੀਕਾਂ ਦੀ ਸਮੱਸਿਆ ਜਾਨਣ ਲਈ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਅੱਜ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਪਿੰਡ ਵਾਸੀਆਂ ਨੇ ਸ੍ਰੀ ਕੰਗ ਨੂੰ ਜਾਣੂ ਕਰਵਾਇਆ ਕਿ ਇਲਾਕੇ ਦੀ ਨਦੀ ਉੱਤੇ ਸਰਕਾਰ ਨੇ ਕਈ ਵਰ੍ਹੇ ਪਹਿਲਾਂ ਕਾਜ਼ਵੇਅ ਬਣਾਏ ਸਨ। ਇਹ ਕਾਜ਼ਵੇਅ ਪਹਾੜੀ ਖੇਤਰ ਤੋਂ ਆਉਣ ਵਾਲੀਆਂ ਝਾੜੀਆਂ ਤੇ ਲੱਕੜਾਂ ਕਾਰਨ ਬੰਦ ਹੋ ਜਾਂਦੇ ਹਨ ਅਤੇ ਪਹਾੜੀ ਖੇਤਰ ਤੋਂ ਆਉਣ ਵਾਲੇ ਬਰਸਾਤੀ ਪਾਣੀ ਕਾਰਨ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਜਾਂਦੀ ਹੈ। ਇਸ ਕਾਰਨ ਉਨ੍ਹਾਂ ਦੇ ਘਰਾਂ, ਪਸ਼ੂਆਂ ਅਤੇ ਫਸਲਾਂ ਦਾ ਨਿਰੰਤਰ ਨੁਕਸਾਨ ਹੋ ਰਿਹਾ ਹੈ। ਸ੍ਰੀ ਕੰਗ ਨੇ ਮੌਕੇ ’ਤੇ ਹੀ ਲੋਕ ਨਿਰਮਾਣ ਵਿਭਾਗ, ਪਾਵਰਕੌਮ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆ ਨੂੰ ਫੋਨ ਕਰਕੇ ਤਾਰਾਪੁਰ ਮਾਜਰੀ ਅਤੇ ਤਾਰਾਪੁਰ ਬੇਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਿਹਾ। ਉਨ੍ਹਾਂ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹੜ੍ਹਾਂ ਦੀ ਮਾਰ ਤੋਂ ਦੋਵੇਂ ਪਿੰਡਾਂ ਨੂੰ ਬਚਾਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ।