ਸਰਬਜੀਤ ਸਿੰਘ ਭੱਟੀ
ਲਾਲੜੂ, 19 ਜੁਲਾਈ
ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਸਥਿਤ ਲਾਲੜੂ ਥਾਣੇ ਦੇ ਪਿੱਛੇ ਬਣੇ ਰੇਲਵੇ ਅੰਡਰ ਬਰਿੱਜ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਬਰਸਾਤੀ ਪਾਣੀ ਨੂੰ ਕੱਢਣ ਲਈ ਇਕ ਨਾਮ ਦਾ ਹੀ ਇੰਜਣ ਰੱਖਿਆ ਹੋਇਆ ਹੈ, ਜੋ ਸ਼ੋਅ ਪੀਸ ਬਣ ਕੇ ਹੀ ਰਹਿ ਗਿਆ ਹੈ। ਲੋਕਾਂ ਨੂੰ ਆਪਣੀ ਜਾਨ ਖਤਰੇ ਵਿੱਚ ਪਾ ਕੇ ਰੇਲਵੇ ਲਾਈਨ ਪਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਵਿਭਾਗ ਇਸ ਵੱਲ ਤੁਰੰਤ ਧਿਆਨ ਦੇਵੇ ਅਤੇ ਬਰਸਾਤੀ ਪਾਣੀ ਨੂੰ ਕੱਢਣ ਦੇ ਉਚੇਚੇ ਪ੍ਰਬੰਧ ਕੀਤੇ ਜਾਣ।
ਕੌਂਸਲਰ ਉਮੇਸ ਕੁਮਾਰ ਲੱਕੀ ਸਮੇਤ ਜਸਪਾਲ ਸਿੰਘ, ਅਸ਼ੋਕ ਰਾਣਾ, ਬਾਂਕੇ ਬਿਹਾਰੀ ਸ਼ਰਮਾ, ਅਰੁਣ ਧੀਮਾਨ, ਸੰਜੀਵ ਰਾਣਾ, ਬਿੱਟੂ, ਕੁਲਦੀਪ ਸਮੇਤ ਹੋਰ ਸਥਾਨਕ ਲੋਕਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਨੇ ਲੋਕਾਂ ਦੀ ਸਹੂਲਤ ਲਈ ਬਣਾਏ ਅੰਡਰ ਬਰਿੱਜ ਹੁਣ ਰਾਹਗੀਰਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਥੋੜੀ ਜਿਹੀ ਬਰਸਾਤ ਹੋਣ ’ਤੇ ਹੀ ਇਨ੍ਹਾਂ ਅੰਡਰ ਬਰਿੱਜਾਂ ਵਿੱਚ ਪਾਣੀ ਭਰ ਜਾਂਦਾ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਅੰਡਰ ਬਰਿੱਜ ਦਾ ਪਾਣੀ ਕੱਢਣ ਲਈ ਰੱਖੇ ਹੋਏ ਇੰਜਣ ਸਿਰਫ਼ ਸ਼ੋਅਪੀਸ ਬਣ ਕੇ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਰਸਤਾ ਲਾਲੜੂ ਪਿੰਡ ਦੇ ਨਾਲ ਪਿੰਡ ਮਗਰਾ, ਡਹਿਰ, ਆਲਮਗੀਰ, ਬਸੀ, ਜਲਾਲਪੁਰ, ਹਸਨਪੁਰ, ਸਮੇਤ ਕਈ ਕਲੋਨੀਆਂ ਅਤੇ ਘੱਗਰ ਪਾਰ ਦੇ ਕਈ ਪਿੰਡਾਂ ਨੂੰ ਲਗਦਾ ਹੈ।