ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਸਤੰਬਰ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿੱਚ ਸ਼ਾਮ ਸਮੇਂ ਪਏ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ। ਮੀਂਹ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਸੌਮਸ ਵਿਭਾਗ ਅਨੁਸਾਰ ਅੱਜ ਅੱਧੇ ਘੰਟੇ ਵਿੱਚ 4.4 ਐੱਮਐੱਮ ਮੀਂਹ ਦਰਜ ਕੀਤਾ ਹੈ। ਇਸ ਤੋਂ ਇਲਾਵਾ 30 ਸਤੰਬਰ ਅਤੇ 1, 2 ਅਕਤੂਬਰ ਨੂੰ ਵੀ ਮੀਂਹ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਸੀ ਜਦਕਿ ਘੱਟ ਤੋਂ ਘੱਟ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਬੁੱਧਵਾਰ ਨੂੰ ਸਵੇਰੇ ਕੜਾਕੇ ਦੀ ਧੁੱਪ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਾਅਦ ਦੁਪਹਿਰ ਕਿਸੇ ਪਹਾੜੀ ਇਲਾਕੇ ਵਾਂਗ ਅਚਾਨਕ ਮੌਸਮ ਵਿੱਚ ਤਬਦੀਲੀ ਆ ਗਈ ਤੇ ਬੱਦਲਵਾਈ ਹੋ ਗਈ ਤੇ ਤੇਜ਼ ਮੀਂਹ ਕਾਰਨ ਮੌਸਮ ਬਦਲ ਗਿਆ। ਪਹਿਲਾਂ ਬੱਦਲ ਕਾਲਾ ਸੀ ਉਸ ਤੋਂ ਬਾਅਦ ਅਚਾਨਕ ਹੀ ਲਾਲੀ ਛਾ ਗਈ ਜਿਸ ਕਾਰਨ ਮੌਸਮ ਹੋਰ ਵੀ ਸੁਹਾਵਣਾ ਹੋ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਅਤੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਆਨੰਦ ਮਾਣਦੇ ਦਿਖਾਈ ਦਿੱਤੇ।