ਇਕ ਦਿਨ ਦੀ ਧੁੱਪ ਮਗਰੋਂ ਮੁੜ ਵਰ੍ਹਿਆ ਮੀਂਹ

ਇਕ ਦਿਨ ਦੀ ਧੁੱਪ ਮਗਰੋਂ ਮੁੜ ਵਰ੍ਹਿਆ ਮੀਂਹ

ਚੰਡੀਗੜ੍ਹ ਵਿਚ ਸ਼ਨਿਚਰਵਾਰ ਸ਼ਾਮ ਨੂੰ ਪਏ ਮੀਂਹ ਦੌਰਾਨ ਇਕ ਸੜਕ ’ਤੇ ਛਤਰੀਆਂ ਲੈ ਕੇ ਚੱਲਦੇ ਹੋਏ ਲੋਕ। -ਫੋਟੋ: ਪ੍ਰਦੀਪ ਤਿਵਾੜੀ

ਆਤਿਸ਼ ਗੁਪਤਾ

ਚੰਡੀਗੜ੍ਹ, 22 ਜਨਵਰੀ

ਚੰਡੀਗੜ੍ਹ ਵਿੱਚ ਕੱਲ੍ਹ ਨਿਕਲੀ ਇਕ ਦਿਨ ਦੀ ਧੁੱਪ ਮਗਰੋਂ ਅੱਜ ਮੁੜ ਤੋਂ ਰੁਕ-ਰੁਕ ਕੇ ਸਾਰਾ ਦਿਨ ਪੈਂਦੇ ਰਹੇ ਮੀਂਹ ਅਤੇ ਚੱਲੀਆਂ ਠੰਢੀਆਂ ਹਵਾਵਾਂ ਨੇ ਸ਼ਹਿਰ ਵਾਸੀਆਂ ਨੂੰ ਠਾਰ ਕੇ ਰੱਖ ਦਿੱਤਾ। ਇਸ ਮੀਂਹ ਕਰ ਕੇ ਲੋਕ ਫਿਰ ਤੋਂ ਆਪਣੇ ਘਰਾਂ ਵਿਚ ਹੀ ਬੈਠੇ ਰਹੇ। ਅੱਜ ਸਵੇਰ ਤੋਂ ਸ਼ਹਿਰ ਵਿੱਚ ਰੁਕ-ਰੁਕ ਕੇ ਲਗਾਤਾਰ ਮੀਂਹ ਪੈਂਦਾ ਰਿਹਾ ਹੈ, ਜਿਸ ਨਾਲ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.5 ਡਿਗਰੀ ਘੱਟ 16 ਡਿਗਰੀ, ਜਦਕਿ ਘੱਟੋ-ਘੱਟ ਤਾਪਮਾਨ 9.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਦਿਨ ਭਰ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ 23 ਅਤੇ 24 ਜਨਵਰੀ ਨੂੰ ਵੀ ਸ਼ਹਿਰ ਵਿੱਚ ਮੀਂਹ ਪੈਣ ਦੀ ਸੰਵਾਭਣਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨ ਸ਼ਹਿਰ ਵਿਚ ਬਦਲਵਾਈ, ਮੀਂਹ ਅਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉਸ ਤੋਂ ਬਾਅਦ ਮੌਸਮ ਸਾਫ਼ ਹੋ ਸਕਦਾ ਹੈ।

ਸ਼ਹਿਰ ਵਿੱਚ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਅਤੇ ਚੱਲ ਰਹੀਆਂ ਠੰਢੀਆਂ ਹਵਾਵਾਂ ਕਰ ਕੇ ਸੜਕਾਂ ’ਤੇ ਲੋਕ ਘੱਟ ਗਿਣਤੀ ਵਿੱਚ ਨਿਕਲਦੇ ਦਿਖਾਈ ਦਿੱਤੇ ਪਰ ਗੱਡੀਆਂ ਦੀ ਗਿਣਤੀ ਵੱਧ ਸੀ, ਜਿਸ ਕਰਕੇ ਸ਼ਹਿਰ ਦੇ ਚੌਕਾਂ ਵਿੱਚ ਜਾਮ ਵਰਗੀ ਸਥਿਤੀ ਦੇਖਣ ਨੂੰ ਮਿਲੀ। ਉੱਧਰ ਮੀਂਹ ਕਰ ਕੇ ਨਿੱਤ ਕੰਮ ਕਰ ਕੇ ਗੁਜ਼ਾਰਾ ਕਰਨ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਇਕ ਦਿਨ ਦੀ ਧੁੱਪ ਤੋਂ ਬਾਅਦ ਅੱਜ ਮੁੜ ਸ਼ੁਰੂ ਹੋਈ ਬਾਰਿਸ਼ ਕਾਰਨ ਇਲਾਕੇ ਵਿਚ ਠੰਢ ਹੋਰ ਵਧ ਗਈ। ਮੁੱਲਾਂਪੁਰ ਗਰੀਬਦਾਸ ਤੇ ਨਿਊ ਚੰਡੀਗੜ੍ਹ ਸਮੇਤ ਨਵਾਂ ਗਾਉਂ ਇਲਾਕੇ ਵਿੱਚ ਅੱਜ ਤੇਜ਼ ਹਵਾਵਾਂ ਚੱਲਣ ਮਗਰੋਂ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ। ਇਸ ਦੌਰਾਨ ਨੀਵੀਆਂ ਥਾਵਾਂ ਵਿੱਚ ਬਾਰਿਸ਼ ਦਾ ਪਾਣੀ ਜਮ੍ਹਾਂ ਹੋ ਗਿਆ।

ਖੇਤਾਂ ਵਿੱਚ ਪਾਣੀ ਖੜ੍ਹਨ ਕਰ ਕੇ ਕਿਸਾਨਾਂ ਦੇ ਸਾਹ ਸੂਤੇ ਗਏ। ਨਿਊ ਚੰਡੀਗੜ੍ਹ ਵਿਚ ਪਿੰਡ ਤੋਗਾਂ-ਬੂਥਗੜ੍ਹ ਪੀ ਫੋਰ ਸੜਕ ’ਤੇ ਸਥਿਤ ਰਾਣੀ ਮਾਜਰਾ ਉਮੈਕਸ ਕੰਪਨੀ ਦੇ ਦਾਖਲਾ ਪੁਆਇੰਟ ਵਿਖੇ ਮੁੱਖ ਮਾਰਗ ’ਤੇ ਪਏ ਡੂੰਘੇ ਟੋਇਆਂ ਵਿੱਚ ਬਾਰਿਸ਼ ਦਾ ਪਾਣੀ ਖੜ੍ਹਨ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਸੜਕ ਦੀ ਹਾਲਤ ਸੁਧਾਰੀ ਜਾਵੇ।

ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

ਬਨੂੜ (ਕਰਮਜੀਤ ਸਿੰਘ ਚਿੱਲਾ): ਇੱਕ ਦਿਨ ਦੀ ਧੁੱਪ ਮਗਰੋਂ ਮੌਸਮ ਦੇ ਬਦਲੇ ਮਿਜ਼ਾਜ ਕਰ ਕੇ ਅੱਜ ਫਿਰ ਤੋਂ ਇਲਾਕੇ ਵਿਚ ਸ਼ੁਰੂ ਹੋਈ ਕਿਣ-ਮਿਣ ਨਾਲ ਦੁਬਾਰਾ ਠੰਢ ਵਧ ਗਈ ਹੈ। ਖਰਾਬ ਮੌਸਮ ਅਤੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਮੌਸਮ ਵਿਭਾਗ ਵੱਲੋਂ ਹੋਰ ਮੀਂਹ ਦੀ ਭਵਿੱਖਬਾਣੀ ਕੀਤੇ ਜਾਣ ਕਰ ਕੇ ਕਿਸਾਨ ਚਿੰਤਤ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਤਾਜ਼ਾ ਪਿਆ ਇਹ ਮੀਂਹ ਸਾਰੀਆਂ ਫਸਲਾਂ ਲਈ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਆਲੂਆਂ ਦੀ ਪੱਕੀ ਹੋਈ ਫ਼ਸਲ ਖਰਾਬ ਹੋਣ ਦਾ ਡਰ ਹੈ। ਕਣਕ ਦੀ ਫਸਲ ਨੂੰ ਵੀ ਮੀਂਹ ਨਾਲ ਨੁਕਸਾਨ ਹੋ ਰਿਹਾ ਹੈ। ਨੀਵੇਂ ਖੇਤਾਂ ਵਿੱਚ ਪਹਿਲੇ ਮੀਂਹ ਕਾਰਨ ਜਮ੍ਹਾਂ ਹੋਏ ਪਾਣੀ ਨਾਲ ਪਹਿਲਾਂ ਹੀ ਪੀਲੀ ਹੋ ਚੁੱਕੀ ਕਣਕ, ਇਸ ਤਾਜ਼ਾ ਮੀਂਹ ਨਾਲ ਸੁੱਕਣ ਦਾ ਡਰ ਹੈ। ਮੀਂਹ ਕਾਰਨ ਦੁਕਾਨਦਾਰ ਵੀ ਵਿਹਲੇ ਬੈਠਣ ਲਈ ਮਜਬੂਰ ਹਨ। ਰੋਜ਼ਾਨਾ ਕੰਮਕਾਰ ਕਰ ਕੇ ਆਪਣੇ ਘਰ ਦਾ ਤੋਰੀ-ਫੁਲਕਾ ਚਲਾਉਣ ਵਾਲੇ ਦਿਹਾੜੀਦਾਰ ਵੀ ਮੀਂਹ ਕਾਰਨ ਬੇਹੱਦ ਪ੍ਰੇਸ਼ਾਨ ਹਨ। ਸੜਕਾਂ ਉੱਤੇ ਵੀ ਆਵਾਜਾਈ ਘੱਟ ਗਈ ਹੈ। ਵੱਡੀ ਗਿਣਤੀ ਲੋਕਾਂ ਦੇ ਵਿਆਹ ਸਮਾਗਮਾਂ ਵਿੱਚ ਵੀ ਖਰਾਬ ਮੌਸਮ ਨੇ ਦਿੱਕਤਾਂ ਪੈਦਾ ਕਰ ਦਿੱਤੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All