ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 17 ਸਤੰਬਰ
ਖ਼ੁਰਾਕ ਸੁਰੱਖਿਆ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮੰਤਵ ਨਾਲ ਸੀਨੀਅਰ ਸਿਹਤ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਮੁਹਾਲੀ ਸਮੇਤ ਖਰੜ ਅਤੇ ਕੁਰਾਲੀ ਵਿੱਚ ਹੈਲਥ ਸਪਲੀਮੈਂਟ ਬਣਾਉਣ ਅਤੇ ਵੇਚਣ ਵਾਲੀਆਂ ਦੁਕਾਨਾਂ ਅਤੇ ਉਤਪਾਦਨ ਇਕਾਈਆਂ ਵਿੱਚ ਅਚਨਚੇਤ ਛਾਪੇ ਮਾਰੇ ਗਏ। ਜਾਂਚ ਟੀਮ ਵਿੱਚ ਦਿੱਲੀ ਤੋਂ ਪਹੁੰਚੇ ਫੂਡ ਸੇਫ਼ਟੀ ਐਂਡ ਸਟੈਂਡਰਜ਼ ਅਥਾਰਟੀ ਆਫ਼ ਇੰਡੀਆ (ਐਫ਼ਐਸਐਸਏਆਈ) ਦੇ ਸੰਯੁਕਤ ਡਾਇਰੈਕਟਰ ਬੀਐਸ ਅਚਾਰੀਆ ਜਿਨ੍ਹਾਂ ਕੋਲ ਪੰਜਾਬ ਸਮੇਤ ਕਈ ਰਾਜਾਂ ਦਾ ਚਾਰਜ ਹੈ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਅਤੇ ਫੂਡ ਸੇਫ਼ਟੀ ਅਫ਼ਸਰ ਰਵੀਨੰਦਨ ਗੋਇਲ ਸ਼ਾਮਲ ਸਨ। ਡਾ. ਅਚਾਰੀਆ ਨੇ ਦੱਸਿਆ ਕਿ ਚੈਕਿੰਗ ਦੌਰਾਨ ਇਕ ਉਤਪਾਦਨ ਇਕਾਈ ’ਚੋਂ ਕੈਨਡੀਜ਼ੈਡ ਦੀਆਂ 10 ਹਜ਼ਾਰ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ, ਇਸੇ ਤਰ੍ਹਾਂ ਡੈਮਸੀ-500 ਗੋਲੀ ਵੀ ਨਿਯਮਾਂ ਮੁਤਾਬਕ ਨਹੀਂ ਬਣੀ ਹੋਈ ਸੀ, ਜਿਸ ਕਾਰਨ ਕੰਪਨੀ ਨੂੰ ਇਹ ਗੋਲੀ ਬਾਜ਼ਾਰ ’ਚੋਂ ਵਾਪਸ ਲੈਣ ਦੀ ਹਦਾਇਤ ਕਰ ਦਿੱਤੀ ਗਈ ਹੈ। ਕੁਰਾਲੀ ਵਿੱਚ ਇਕ ਫ਼ੈਕਟਰੀ ਵਿੱਚ ਜਾਂਚ ਕੀਤੀ ਗਈ, ਜਿਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਉੱਥੇ ਮਿਲੇ ਸਪਲੀਮੈਂਟ ਨਿਯਮਾਂ ਮੁਤਾਬਕ ਨਹੀਂ ਸਨ।