ਆਤਿਸ਼ ਗੁਪਤਾ
ਚੰਡੀਗੜ੍ਹ, 28 ਜੂਨ
ਸਥਾਨਕ ਸੈਕਟਰ-7 ਵਿੱਚ ਸਥਿਤ ਰੈਸਤਰਾਂ ਵਿੱਚ ਚਲਾਏ ਜਾ ਰਹੇ ਹੁੱਕਾ ਬਾਰ ਵਿੱਚ ਪੁਲੀਸ ਨੇ ਛਾਪਾ ਮਾਰਿਆ। ਇਸ ਦੌਰਾਨ ਪੁਲੀਸ ਨੇ ਹੋਟਲ ਮਾਲਕ, ਮੈਨੇਜਰ ਸਮੇਤ 9 ਜਣਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿੱਚ 3 ਨਾਬਾਲਗ ਸ਼ਾਮਲ ਹਨ। ਪੁਲੀਸ ਨੇ ਰੈਸਤਰਾਂ ਵਿੱਚੋਂ 20 ਹੁੱਕੇ, ਪਾਈਪਾਂ ਅਤੇ ਫਲੇਵਰ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਥਾਣਾ ਸੈਕਟਰ-26 ਦੀ ਪੁਲੀਸ ਨੇ ਕੀਤੀ ਹੈ।
ਪੁਲੀਸ ਨੇ ਅੱਧਾ ਦਰਜਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਰੈਸਤਰਾਂ ਦਾ ਮਾਲਿਕ ਅਰਪਨ ਸ਼ਰਮਾ, ਮੈਨੇਜਰ ਮਨਜੀਤ ਅਤੇ ਗਾਹਕ ਕੁਸ਼, ਕਰਨ, ਰਮਨ, ਯਸ਼ਪਾਲ ਵਾਸੀਆਨ ਮੁਹਾਲੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਥਾਣਾ ਸੈਕਟਰ-26 ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੈਕਟਰ-7 ਵਿੱਚ ਸਥਿਤ ਰੈਸਤਰਾਂ ’ਤੇ ਛਾਪਾ ਮਾਰਿਆ ਜਿੱਥੋਂ ਹੁੱਕਾ ਪੀ ਰਹੇ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜੋ ਕਿ ਇਕੱਠੇ ਹੁੱਕਾ ਪੀਂਦੇ ਹੋਏ ਸਰਕਾਰ ਦੇ ਸਾਰੇ ਨਿਯਮਾਂ ਦੀਆਂ ਧੱਜੀਆਂ ਊਡਾ ਰਹੇ ਸਨ। ਥਾਣਾ ਸੈਕਟਰ-26 ਦੇ ਮੁਖੀ ਨਰਿੰਦਰ ਪਟਿਆਲ ਨੇ ਦੱਸਿਆ ਕਿ ਕਰੋਨਾ ਕਰਕੇ ਸ਼ਹਿਰ ਦੇ ਰੈਸਟੋਰੈਂਟ ਵਿੱਚ ਹੁੱਕਾ ਬਾਰ ’ਤੇ ਪਾਬੰਦੀ ਲਗਾਈ ਗਈ ਹੈ।
ਉਸ ਦੇ ਬਾਵਜੂਦ ਉਕਤ ਨੌਜਵਾਨ ਇਕੱਠੇ ਇਕੱਠੇ ਹੁੱਕੇ ਦੀ ਵਰਤੋਂ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਰੈਸਤਰਾਂ ਵਿੱਚੋਂ 20 ਹੁੱਕੇ, ਪਾਈਪਾਂ ਅਤੇ ਹੋਰ ਸਾਮਾਨ ਬਰਾਮਦ ਕਰਕੇ ਹੋਟਲ ਮਾਲਕ, ਮੈਨੇਜਰ ਅਤੇ 4 ਗਹਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਢਾਬੇ ਦੀ ਪਹਿਲੀ ਮੰਜ਼ਿਲ ’ਤੇ ਸ਼ਰਾਬ ਪਿਲਾਉਣ ’ਤੇ 9 ਖ਼ਿਲਾਫ਼ ਕੇਸ
ਪਾਬੰਦੀ ਦੇ ਬਾਵਜੂਦ ਥਾਣਾ ਇੰਸਟਰੀਅਲ ਏਰੀਆ ਅਧੀਨ ਪੈਂਦੇ ਢਾਬੇ ਦੇ ਮਾਲਕ ਵੱਲੋਂ ਪਹਿਲੀ ਮੰਜ਼ਿਲ ’ਤੇ ਸ਼ਰਾਬ ਪਿਲਾਈ ਜਾ ਰਹੀ ਸੀ ਜਿਸ ਸਬੰਧੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਛਾਪਾ ਮਾਰਿਆ। ਸ਼ਰਾਬ ਪੀਂਦੇ ਹੋਏ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਢਾਬੇ ਦੇ ਮਾਲਿਕ ਅਸ਼ਵਨੀ ਕੁਮਾਰ ਅਤੇ ਗਾਹਕ ਸੁਨੀਲ ਕੁਮਾਰ, ਰਾਜੇਸ਼, ਜੈਰਾਮ, ਪ੍ਰਦੀਪ ਰਾਵਤ, ਭੁਵਨ, ਹਰਦੀਪ, ਰਵਿੰਦਰ ਕੁਮਾਰ, ਮਨੋਜ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।