ਸੰਜੀਵ ਤੇਜਪਾਲ
ਮੋਰਿੰਡਾ, 13 ਜੂਨ
ਹਲਕਾ ਸ੍ਰੀ ਚਮਕੌਰ ਸਾਹਿਬ ਦੀ ਟਿਕਟ ਬਸਪਾ ਨੂੰ ਦੇਣ ’ਤੇ ਅਕਾਲੀ ਵਰਕਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਤਾਨਾਸ਼ਾਹੀ ਫੈਸਲੇ ਵਿਰੁੱਧ ਪਾਰਟੀ ਵਰਕਰਾਂ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਜਿਸ ਕਾਰਨ ਅਹੁਦੇਦਾਰਾਂ ਅਤੇ ਵਰਕਰਾਂ ਨੇ ਮੋਰਿੰਡਾ ਵਿਖੇ ਮੀਟਿੰਗ ਕਰਕੇ ਹਾਈ ਕਮਾਂਡ ਨੂੰ ਅਲਟੀਮੇਟਮ ਦੇ ਦਿੱਤਾ। ਇਸ ਰਾਖਵੀਂ ਸੀਟ ’ਤੇ ਮਗਰਲੇ 50 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹੀ ਉਮੀਦਵਾਰ ਚੋਣ ਲੜਦੇ ਆ ਰਹੇ ਹਨ। ਪ੍ਰੰਤੂ ਇਸ ਵਾਰ ਪੰਜਾਬ ਵਿੱਚ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਤੈਅ ਹੋਣ ਮਗਰੋਂ ਇਹ ਸੀਟ ਬਸਪਾ ਲਈ ਛੱਡ ਦਿੱਤੀ ਗਈ ਹੈ। ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਅਕਾਲੀ ਦਲ ਵਲੋਂ 50 ਸਾਲਾਂ ਤੋਂ ਸੰਧੂ ਪਰਿਵਾਰ ਦੇ ਮੈਂਬਰ ਟਕਸਾਲੀ ਆਗੂ ਵਜੋਂ ਸੇਵਾ ਨਿਭਾਅ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਸਵਰਗੀ ਬੀਬੀ ਸਤਵੰਤ ਕੌਰ ਸੰਧੂ ਵਲੋਂ ਆਖਰੀ ਦਮ ਤੱਕ ਹਲਕੇ ਦੀ ਸੇਵਾ ਕੀਤੀ ਗਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਏ.ਆਈ.ਜੀ. ਹਰਮੋਹਣ ਸਿੰਘ ਸੰਧੂ ਨੂੰ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਇੰਚਾਰਜ ਲਾਇਆ ਸੀ ਪ੍ਰੰਤੂ ਹੁਣ ਬਸਪਾ ਲਈ ਸੀਟ ਛੱਡ ਦਿੱਤੀ ਗਈ ਹੈ। ਵਰਕਰਾਂ ਨੇ ਫੈਸਲਾ ਨਾ ਬਦਲਣ ’ਤੇ ਅਸਤੀਫੇ ਦੇਣ ਦਾ ਫੈਸਲਾ ਕੀਤਾ।
ਅਕਾਲੀ-ਬਸਪਾ ਗੱਠਜੋੜ ਨਾਲ ਸਮੀਕਰਨ ਬਦਲਣਗੇ
਼ਜ਼ੀਰਕਪੁਰ (ਹਰਜੀਤ ਸਿੰਘ): ਅਕਾਲੀ ਦਲ ਅਤੇ ਬਸਪਾ ਵੱਲੋਂ 2022 ਦੀਆਂ ਚੋਣਾਂ ਮਿਲ ਕੇ ਲੜਨ ਦੇ ਫੈਸਲੇ ਤੋਂ ਬਾਅਦ ਅੱਜ ਵਿਧਾਇਕ ਐਨ.ਕੇ. ਸ਼ਰਮਾ ਨੇ ਜ਼ਿਲ੍ਹਾ ਮੁਹਾਲੀ ਦੇ ਬਸਪਾ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਜ਼ਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ, ਮਾਸਟਰ ਜਗਦੀਸ਼ ਰਾਮ ਅਤੇ ਹਲਕਾ ਡੇਰਾਬਸੀ ਦੇ ਪ੍ਰਧਾਨ ਚਰਨਜੀਤ ਸਿੰਘ ਅਗਵਾਈ ਵਿੱਚ ਵਿਚਾਰ ਚਰਚਾ ਕੀਤੀ ਗਈ। ਵਿਧਾਇਕ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਅਤੇ ਬੀਐਸਪੀ ਦਾ ਪੁਰਾਣਾ ਰਿਸ਼ਤਾ ਰਿਹਾ ਹੈ ਜੋ ਆਗਾਮੀ 2022 ਚੋਣਾਂ ਵਿੱਚ ਗੇਮ ਚੇਂਜਰ ਸਾਬਤ ਹੋਵੇਗਾ ਕਿਉਂਕਿ ਦੋਵੇਂ ਪਾਰਟੀਆਂ ਇੱਕ ਹੀ ਸਿਧਾਂਤ ’ਤੇ ਕੰਮ ਕਰਦੀਆਂ ਹਨ।