ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਸਤੰਬਰ
ਇਥੋਂ ਦੇ ਸਰਕਾਰੀ ਹਾਈ ਸਕੂਲ ਸੈਕਟਰ-43 ਨੂੰ ਸਮਾਰਟ ਸਕੂਲ ਦਾ ਦਰਜਾ ਤਾਂ ਮਿਲ ਗਿਆ ਹੈ ਪਰ ਇਹ ਸਕੂਲ ਅਧਿਆਪਕਾਂ ਦੀ ਤਾਇਨਾਤੀ ਦੇ ਮਾਮਲੇ ਵਿੱਚ ਸਮਾਰਟ ਨਹੀਂ ਹੈ। ਇਥੇ ਗਣਿਤ ਵਿਸ਼ੇ ਦਾ ਇਕ ਹੀ ਅਧਿਆਪਕ ਹੈ ਤੇ ਉਸ ਦੀ ਨਿਯੁਕਤੀ ਵੀ ਆਰਜ਼ੀ ਹੈ। ਇਸ ਤੋਂ ਇਲਾਵਾ ਇਸ ਸਕੂਲ ਵਿੱਚ ਮੈਡੀਕਲ, ਹੋਮ ਸਾਇੰਸ ਤੇ ਸੰਸਕ੍ਰਿਤ ਲਈ ਵੀ ਕੋਈ ਅਧਿਆਪਕ ਨਹੀ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਸਕੂਲ ਵਿਚ 800 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਤੇ ਜ਼ਿਆਦਾਤਰ ਬੱਚੇ ਪਿੰਡ ਕਜਹੇੜੀ ਨਾਲ ਸਬੰਧਤ ਹਨ। ਕਜਹੇੜੀ ਤੋਂ ਆਉਂਦੇ ਇਕ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਇਸ ਸਕੂਲ ਵਿਚ ਅਧਿਆਪਕਾਂ ਦੀ ਘਾਟ ਦੀ ਸਮੱਸਿਆ ਹੱਲ ਨਹੀਂਂ ਹੋ ਰਹੀ ਜਿਸ ਬਾਰੇ ਉਹ ਕਈ ਵਾਰ ਸ਼ਿਕਾਇਤ ਵੀ ਕਰ ਚੁੱਕੇ ਹਨ।
ਜਾਣਕਾਰੀ ਅਨੁਸਾਰ ਇਸ ਸਕੂਲ ਵਿਚ ਗਣਿਤ ਦਾ ਕੋਈ ਵੀ ਰੈਗੂਲਰ ਅਧਿਆਪਕ ਨਹੀਂ ਹੈ ਤੇ ਇਕ ਅਧਿਆਪਕਾ ਨਾਨ-ਮੈਡੀਕਲ ਦੀ ਤਾਇਨਾਤ ਹੈ ਜੋ ਆਰਜ਼ੀ ਆਧਾਰ ’ਤੇ ਪੜ੍ਹਾਉਂਦੀ ਹੈ। ਉਸ ਕੋਲ ਗਣਿਤ ਦੇ ਦਸ ਸੈਕਸ਼ਨ ਹਨ। ਇਸ ਸਕੂਲ ਵਿਚ ਗਣਿਤ ਵਿਸ਼ੇ ਦਾ ਅਧਿਆਪਕ ਅਕਤੂਬਰ 2020 ਤੋਂ ਨਹੀਂ ਹੈ। ਸਕੂਲ ਦੀ ਅਧਿਆਪਕਾ ਰੇਸ਼ਮਾ ਰਾਣੀ ਦੀ ਤਰੱਕੀ ਹੋ ਗਈ ਤੇ ਉਹ ਪੰਜਾਬੀ ਵਿਸ਼ੇ ਦੀ ਲੈਕਚਰਾਰ ਬਣ ਕੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ਚਲੀ ਗਈ ਹੈ। ਇਸ ਤੋਂ ਬਾਅਦ 2021 ਦੇ ਸ਼ੁਰੂ ਵਿੱਚ ਬਬਿਤਾ ਰਾਣੀ ਸਾਇੰਸ ਅਧਿਆਪਕਾ ਦੇ ਵੀ ਅਸਤੀਫ਼ਾ ਦੇਣ ਤੋਂ ਬਾਅਦ ਸਾਇੰਸ ਜਾਂ ਗਣਿਤ ਦਾ ਕੋਈ ਵੀ ਰੈਗੂਲਰ ਅਧਿਆਪਕ ਨਹੀਂ ਹੈ। ਮਾਪਿਆਂ ਨੇ ਦੱਸਿਆ ਕਿ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ 10 ਸੈਕਸ਼ਨ ਲਈ ਐੱਸਐੱਸਏ ਅਧੀਨ ਸਿਰਫ ਇੱਕ ਅਧਿਆਪਕਾ ਹੈ। ਉਹ ਵੀ ਸਾਇੰਸ (ਨਾਨ-ਮੈਡੀਕਲ) ਦੀ ਹੈ। ਇਸ ਸਕੂਲ ਨੂੰ ਸਮਾਰਟ ਸਿਟੀ ਸਕੀਮ ਅਧੀਨ ਸਮਾਰਟ ਬਣਾਇਆ ਗਿਆ ਹੈ ਪਰ ਪੜ੍ਹਾਉਣ ਲਈ ਅਧਿਆਪਕ ਨਹੀਂ ਹੈ। ਇਸ ਕਾਰਨ ਵਿਦਿਆਰਥੀਆਂ ਦੀ ਪੜ੍ਰਾਈ ’ਤੇ ਮਾੜਾ ਅਸਰ ਪੈ ਰਿਹਾ ਹੈ। ਵਿਦਿਆਰਥੀਆਂ ਦੇ ਮਾਪੇ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਕਾਰਨ ਚਿੰਤਤ ਹਨ।
ਸੀਬੀਐੱਸਈ ਦੇ ਨਿਯਮਾਂ ਦੀ ਉਲੰਘਣਾ
ਸੀਬੀਐੱਸਈ ਦੇ ਨਿਯਮਾਂ ਅਨੁਸਾਰ ਹਰ ਹਾਈ ਸਕੂਲ ਵਿੱਚ ਗਣਿਤ ਤੇ ਮੈਡੀਕਲ ਦਾ ਅਧਿਆਪਕ ਜ਼ਰੂਰ ਹੋਣਾ ਚਾਹੀਦਾ ਹੈ ਪਰ ਇਸ ਸਕੂਲ ਵਿਚ ਇਹ ਵਿਸ਼ਾ ਨਜ਼ਰਅੰਦਾਜ਼ ਹੋ ਰਿਹਾ ਹੈ। ਮਾਪਿਆਂ ਨੇ ਦੱਸਿਆ ਕਿ ਉਹ ਪ੍ਰਿੰਸੀਪਲ ਨੂੰ ਮਿਲੇ ਸਨ ਜੋ ਕਈ ਵਾਰ ਸਕੱਰਤਰੇਤ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ ਪਰ ਸਮੱਸਿਆ ਹੱਲ ਨਹੀਂ ਹੋਈ। ਇਥੇ ਸੰਸਕ੍ਰਿਤ ਵਿਸ਼ੇ ਦੀ ਅਸਾਮੀ ਪਿਛਲੇ ਲਗਪਗ ਇੱਕ ਸਾਲ ਤੋਂ ਖਾਲੀ ਹੈ, ਹੋਮ-ਸਾਇੰਸ ਵਿਸ਼ੇ ਦੀ ਅਸਾਮੀ 4-5 ਸਾਲਾਂ ਤੋਂ ਖਾਲੀ ਪਈ ਹੈ। ਇਥੇ ਹੋਮ ਸਾਇੰਸ ਵਿਸ਼ੇ ਦੀ ਪੜ੍ਹਾਈ ਪਿਛਲੇ 4-5 ਸਾਲਾਂ ਤੋਂ ਬੰਦ ਹੈ।
ਅਧਿਆਪਕਾਂ ਦੀ ਘਾਟ ਦੂਰ ਕੀਤੀ ਜਾਵੇਗੀ: ਡਾਇਰੈਕਟਰ
ਸਿੱਖਿਆ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰਪਾਲ ਸਿੰਘ ਬਰਾੜ ਨਾਲ ਜਦੋਂ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਭਲਕੇ ਹੀ ਇਸ ਸਕੂਲ ਦੇ ਅਧਿਆਪਕਾਂ ਬਾਰੇ ਜਾਣਕਾਰੀ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਦੂਰ ਕੀਤੀ ਜਾਵੇਗੀ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।