ਹਰਜੀਤ ਸਿੰਘ
ਡੇਰਾਬੱਸੀ, 3 ਜਨਵਰੀ
ਇਥੋਂ ਦੇ ਬੱਸ ਸਟੈਂਡ ’ਤੇ ਨਗਰ ਕੌਂਸਲ ਵੱਲੋਂ ਸ੍ਰੀ ਰਾਮ ਤਲਾਈ ਧਾਰਮਿਕ ਸਥਾਨ ਦੇ ਸੁੰਦਰੀਕਰਨ ’ਤੇ ਕੀਤੇ ਖਰਚ ਸਬੰਧੀ ਜੈਕ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਦੋਸ਼ ਲਾਇਆ ਹੈ ਕਿ ਇਸ ਸੁੰਦਰੀਕਰਨ ਦੇ ਪ੍ਰਾਜੈਕਟ ’ਤੇ ਤਕਰੀਬਨ 90 ਲੱਖ ਰੁਪਏ ਖਰਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਥੇ ਸਥਾਪਤ ਕੀਤੀ ਭਗਵਾਨ ਸ੍ਰੀ ਰਾਮ ਦੀ ਮੂਰਤੀ ਜੈਪੁਰ, ਰਾਜਸਥਾਨ ਤੋਂ ਲਿਆਂਦੀ ਗਈ ਸੀ, ਜਿਸਦੀ ਕੀਮਤ ਸਾਢੇ ਸੱਤ ਲੱਖ ਰੁਪਏ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾਂ ਦੇ ਅਹੁਦੇਦਾਰਾਂ ਨੇ ਉਸੇ ਦੁਕਾਨ ’ਤੇ ਜਾ ਕੇ ਜਦੋਂ ਮੂਰਤੀ ਦਾ ਮੁੱਲ ਪਤਾ ਕੀਤਾ ਤਾਂ ਮੂਰਤੀ ਕੀ ਕੀਮਤ ਸਾਢੇ ਚਾਰ ਤੋਂ ਪੰਜ ਲੱਖ ਰੁਪਏ ਵਿਚਕਾਰ ਦੱਸੀ ਗਈ। ਇਸ ਸਬੰਧੀ ਦੁਕਾਨ ਦੀ ਲਿਖਤੀ ਕੁਟੇਸ਼ਨ ਵੀ ਪੇਸ਼ ਕੀਤੀ ਗਈ ਹੈ। ਸੰਸਥਾ ਦੇ ਅਹੁਦੇਦਾਰਾਂ ਨੇ ਦੋਸ਼ ਲਾਇਆ ਕਿ ਉਕਤ ਖਰਚਿਆਂ ਸਬੰਧੀ ਜਾਣਕਾਰੀ ਆਰਟੀਆਈ ਰਾਹੀਂ ਮੰਗੀ ਗਈ ਹੈ, ਪਰ ਸਿਆਸੀ ਦਬਾਅ ਹੇਠ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਇਸ ਸੁੰਦਰੀਕਰਨ ਪ੍ਰਾਜੈਕਟ ਤਹਿਤ ਕੀਤੇ ਗਏ ਖਰਚੇ ਦੀ ਜਾਣਕਾਰੀ ਜਨਤਕ ਨਾ ਕੀਤੀ ਗਈ ਤਾਂ ਸੰਸਥਾ ਵੱਲੋਂ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਗੱਲ ਕਰਨ ’ਤੇ ਸ੍ਰੀ ਰਾਮ ਤਲਾਈ ਸੁੰਦਰੀਕਰਨ ਕਮੇਟੀ ਦੇ ਪ੍ਰਧਾਨ ਸੁਸ਼ੀਲ ਬਿਆਸ ਨੇ ਕਿਹਾ ਕਿ ਮੂਰਤੀਆਂ ਦਾ ਮੁੱਲ ਵੱਖ-ਵੱਖ ਦੁਕਾਨਾਂ ’ਤੇ ਵੱਖੋ ਵੱਖਰਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀ ਮੂਰਤੀ 80 ਹਜ਼ਾਰ ਰੁਪਏ ਤੋਂ ਪੰਦਰਾਂ ਲੱਖ ਰੁਪਏ ਤੱਕ ਮਿਲਦੀ ਹੈ।
ਸਾਰੇ ਦੋਸ਼ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ: ਕੌਂਸਲ ਪ੍ਰਧਾਨ
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਹੋ ਕੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਮੁਤਾਬਕ ਇਥੋਂ ਦਾ ਕੰਮ ਠੇਕੇਦਾਰ ਤੋਂ ਕਰਵਾਇਆ ਗਿਆ ਹੈ ਜਿਸ ਦੇ ਇੱਕ ਇੱਕ ਰੁਪਏ ਦਾ ਹਿਸਾਬ ਕੌਂਸਲ ਕੋਲ ਮੌਜੂਦ ਹੈ।