ਕੁਲਦੀਪ ਸਿੰਘ
ਚੰਡੀਗੜ੍ਹ, 24 ਨਵੰਬਰ
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਕਰੀਅਰ ਐਡਵਾਂਸਮੈਂਟ ਸਕੀਮ (ਕੈਸ) ਤਹਿਤ ਇੰਟਰਵਿਊ ਕਰਵਾਉਣ ਸਬੰਧੀ ਕੀਤੇ ਜਾ ਰਹੇ ਸੰਘਰਸ਼ ਦੇ ਅੱਜ ਪੰਜਵੇਂ ਦਿਨ ਅਧਿਆਪਕਾਂ ਨੇ ਉੱਪ-ਕੁਲਪਤੀ ਦੀ ਨਕਲ ਕਰਦਿਆਂ ਨਾਟਕ ਖੇਡ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਧਾਨ ਮ੍ਰਿਤੁੰਜਯ ਕੁਮਾਰ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਨੌਰਾ ਦੀ ਅਗਵਾਈ ਵਿੱਚ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਵਾਈਸ ਪ੍ਰਧਾਨ ਸੁਪਿੰਦਰ ਕੌਰ ਅਤੇ ਰਾਜੇਸ਼ ਗਿੱਲ ਨੇ ਨਾਟਕ ਰਾਹੀਂ ਉਪ-ਕੁਲਪਤੀ ਨੂੰ ‘ਦੇਖੇਂਗੇ-ਸੋਚੇਂਗੇ-ਕਰੇਂਗੇ’ ਵਾਲੀ ਭਾਸ਼ਾ ਬੰਦ ਕਰ ਕੇ ਹਕੀਕਤ ਵਿੱਚ ਯੂਨੀਵਰਸਿਟੀ ਦੀ ਬਿਹਤਰੀ ਲਈ ਕੰਮ ਕਰਨ ਦੀ ਨਸੀਹਤ ਦਿੱਤੀ, ਜਿਸ ਵਿੱਚ ਅਧਿਆਪਕਾਂ ਦੀਆਂ ਕੈਸ ਪ੍ਰਮੋਸ਼ਨਾਂ ਦੀ ਮੰਗ ਨੂੰ ਦੁਹਰਾਇਆ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਅਮਰਜੀਤ ਸਿੰਘ ਨੌਰਾ ਨੇ ਕਿਹਾ ਕਿ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਗੈਰ-ਅਕਾਦਮਿਕ ਵੈਬਿਨਾਰ ਕਰਵਾ-ਕਰਵਾ ਕੇ ਖ਼ੁਦ ਨੂੰ ਬਹੁਤ ਰੁੱਝੇ ਹੋਏ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਅਧਿਆਪਕਾਂ ਦੀ ਕੈਸ ਪ੍ਰਮੋਸ਼ਨਾਂ ਵਰਗੇ ਮਸਲੇ ਨੂੰ ਹੱਲ ਕਰਨ ਦੀ ਬਜਾਏ ਕਮੇਟੀਆਂ ਬਣਾ ਕੇ ਗੁੰਝਲਦਾਰ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਅਧਿਆਪਕਾਂ ਦੀ ਉਕਤ ਮੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਉਪ-ਕੁਲਪਤੀ ਦੇ ਬੂਹੇ ਅੱਗੇ ਪਿੱਟ ਸਿਆਪਾ ਜਾਰੀ ਰਹੇਗਾ।