ਬਨੂੜ: ਪਿੰਡ ਛੜਬੜ੍ਹ ਸਥਿਤ ਸੀਆਈਡੀ ਟਰੇਨਿੰਗ ਸਕੂਲ ਦੇ ਇੰਸਪੈਕਟਰ ਪੂਰਨ ਸਿੰਘ ਤੇ ਸਬ-ਇੰਸਪੈਕਟਰ ਨੱਥਾ ਸਿੰਘ ਨੂੰ ਪੁਲੀਸ ਵਿਭਾਗ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਵੱਲੋਂ ਪੁਲੀਸ ਸਰਵਿਸ ਮੈਡਲ ਦਿੱਤੇ ਗਏ ਹਨ। ਇੰਸਪੈਕਟਰ ਪੂਰਨ ਸਿੰਘ 1986 ਵਿੱਚ ਬਤੌਰ ਕਾਂਸਟੇਬਲ ਸੀਆਈਡੀ ਪੁਲੀਸ ਵਿੱਚ ਭਰਤੀ ਹੋਏ ਸਨ ਤੇ ਵੱਖ-ਵੱਖ ਥਾਵਾਂ ਉੱਤੇ ਸੇਵਾਵਾਂ ਨਿਭਾਉਣ ਮਗਰੋਂ ਪਿਛਲੇ ਇੱਕ ਸਾਲ ਤੋਂ ਛੜਬੜ੍ਹ ਵਿੱਚ ਸੀਆਈਡੀ ਟਰੇਨਿੰਗ ਸਕੂਲ ਵਿੱਚ ਤਾਇਨਾਤ ਹਨ। ਸਬ-ਇੰਸਪੈਕਟਰ ਨੱਥਾ ਸਿੰਘ 1992 ਵਿੱਚ ਬਤੌਰ ਸਿਪਾਹੀ ਸੀਆਈਡੀ ਵਿੰਗ ਵਿੱਚ ਭਰਤੀ ਹੋਏ ਸਨ। ਵੱਖ-ਵੱਖ ਥਾਵਾਂ ਤੇ ਵਿਭਾਗੀ ਅਧਿਕਾਰੀਆਂ ਨਾਲ ਕੰਮ ਕਰਨ ਮਗਰੋਂ ਪਿਛਲੇ ਦੋ ਸਾਲਾਂ ਤੋਂ ਟਰੇਨਿੰਗ ਸਕੂਲ ਵਿੱਚ ਡਿਊਟੀ ਨਿਭਾਅ ਰਹੇ ਹਨ। ਦੋਵੇਂ ਕਰਮਚਾਰੀਆਂ ਨੂੰ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਸ਼ਾਨਦਾਰ ਕੰਮ ਲਈ ਪ੍ਰਸ਼ੰਸਾ ਪੱਤਰ ਦਿੱਤੇ ਜਾ ਚੁੱਕੇ ਹਨ। -ਪੱਤਰ ਪ੍ਰੇਰਕ