ਨਿੱਜੀ ਪੱਤਰ ਪ੍ਰੇਰਕ
ਖਮਾਣੋ, 10 ਅਗਸਤ
ਹਲਕਾ ਬਸੀ ਪਠਾਣਾਂ ਤੋਂ ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਦੀ ਅਗਵਾਈ ਹੇਠ ਖਮਾਣੋਂ ਸ਼ਹਿਰ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਹ ਪੈਦਲ ਤਿਰੰਗਾ ਯਾਤਰਾ ਖਮਾਣੋਂ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਕੱਢੀ ਗਈ ਅਤੇ ‘ਭਾਰਤ ਮਾਤਾ ਦੀ ਜੈ’ ਦੇ ਜੈਕਾਰੇ ਛੱਡੇ ਗਏ। ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸ਼ਹੀਦਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤੇ ਉਨ੍ਹਾਂ ਸਮੂਹ ਲੋਕਾਂ ਨੂੰ 75ਵੇਂ ਸਵਤੰਤਰਤਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਤਿਰੰਗਾ ਯਾਤਰਾ ਨੂੰ ਲੈ ਕੇ ਖਮਾਣੋਂ ਇਲਾਕੇ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਕਾਂਗਰਸੀ ਵਰਕਰਾਂ ਨੇ ਉਤਸ਼ਾਹ ਨਾਲ ਤਿਰੰਗਾ ਯਾਤਰਾ ਵਿੱਚ ਹਿੱਸਾ ਲਿਆ। ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਹਿੱਸਾ ਲੈਣ ਵਾਲੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ।
ਅਮਲੋਹ (ਪੱਤਰ ਪ੍ਰੇਰਕ) ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਅਮਲੋਹ ਤੇ ਮੰਡੀ ਗੋਬਿੰਦਗੜ੍ਹ ’ਚ ਤਿਰੰਗਾ ਯਾਤਰਾ ਕੱਢੀ ਗਈ, ਜਿਸ ’ਚ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਕਾਰਾਂ, ਟਰੈਕਟਰਾਂ ਤੇ ਮੋਟਰਸਾਈਕਲ ਸਣੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਨਾਭਾ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ’ਚ ਕਾਂਗਰਸ ਪਾਰਟੀ ਦੇ ਸੱਦੇ ’ਤੇ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਮੇਂ-ਸਮੇਂ ’ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਹੱਥਾਂ ਵਿਚ ਤਿੰਰਗੇ ਝੰਡੇ ਫੜ ਕੇ ਆਜ਼ਾਦੀ ਦੇ ਨਾਅਰੇ ਵੀ ਲਗਾਏ। ਇਸ ਮੌਕੇ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਹਲਕੇ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਜਿੰਦਰ ਸਿੰਘ ਭੱਟੋਂ, ਸੀਨੀਅਰ ਆਗੂ ਡਾ. ਕਰਨੈਲ ਸਿੰਘ, ਪ੍ਰਦੇਸ਼ ਕਾਂਗਰਸ ਦੇ ਮੈਂਬਰ ਡਾ. ਜੋਗਿੰਦਰ ਸਿੰਘ ਮੈਣੀ ਵੀ ਹਾਜ਼ਰ ਸਨ।
ਖਰੜ (ਪੱਤਰ ਪ੍ਰੇਰਕ) ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਕਾਂਗਰਸ ਪਾਰਟੀ ਬਲਾਕ ਖਰੜ ਨੇ ਸ਼ਹਿਰ ’ਚ ਅੱਜ ‘ਤਿਰੰਗਾ ਯਾਤਰਾ’ ਕੱਢੀ ਤੇ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਕੀਤਾ। ਤਿਰੰਗਾ ਯਾਤਰਾ ਰਾਮ ਭਵਨ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿੱਚੋਂ ਲੰਘੀ ਤੇ ਬੱਸ ਸਟੈਂਡ ’ਤੇ ਜਾ ਕੇ ਸਮਾਪਤ ਹੋਈ।