ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 1 ਦਸੰਬਰ
ਸਿੱਖਿਆ ਵਿਭਾਗ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਹਿੱਤ ਸਰਕਾਰੀ ਹਾਈ ਸਕੂਲ ਪਿੰਡ ਰਾਣੀਮਾਜਰਾ ਵਿਖੇ ਬਲਾਕ ਪੱਧਰੀ ਵਿਦਿਆਰਥੀਆਂ ਦੇ ਭਾਸ਼ਣ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲਿਆਂ ਦੇ 6ਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਰਗ ਵਿੱਚ ਸਰਕਾਰੀ ਮਿਡਲ ਸਕੂਲ ਮਨਾਣਾ ਦੀ ਜਸ਼ਨਦੀਪ ਕੌਰ ਪਹਿਲੇ, ਸਰਕਾਰੀ ਮਿਡਲ ਸਕੂਲ ਗੋਚਰ ਦੀ ਵਿਦਿਆਰਥਣ ਸਿਮਰਨ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੀੜਾ ਦੇ ਵਿਦਿਆਰਥੀ ਧਰਮਵੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਦੌਰਾਨ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੋਲਪੁਰ ਦੀ ਪੰਜਾਬੀ ਅਧਿਆਪਕਾ ਮਨਦੀਪ ਕੌਰ ਨੇ ਪਹਿਲਾ ਸਥਾਨ ਲਿਆ।
ਬਨੂੜ (ਪੱਤਰ ਪ੍ਰੇਰਕ): ਬੂਟਾ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਜ਼ੁਬਾਨ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਣ ਅਤੇ ਸੁੰਦਰ ਲਿਖਾਈ ਮੁਕਾਬਾਲੇ ਕਰਾਏ ਗਏ। ਸਕੂਲ ਦੀ ਉੱਪ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ 26 ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।