ਕੁਲਦੀਪ ਸਿੰਘ
ਚੰਡੀਗੜ੍ਹ, 25 ਸਤੰਬਰ
ਚੰਡੀਗੜ੍ਹ ਪੰਜਾਬੀ ਮੰਚ ਦੀ ਹੋਈ ਮੀਟਿੰਗ ਦੌਰਾਨ ਚੰਡੀਗੜ੍ਹ ਦਾ ਸਥਾਪਨਾ ਦਿਵਸ ਪਹਿਲ ਨਵੰਬਰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਮੰਚ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਵੀ ਸਮਰਥਨ ਕਰਨ ਦਾ ਫੈਸਲਾ ਲਿਆ ਹੈ। ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਹੱਲੋਮਾਜਰਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਬਾਬਾ ਸਾਧੂ ਸਿੰਘ, ਬਲਕਾਰ ਸਿੱਧੂ, ਪੱਤਰਕਾਰ ਤਰਲੋਚਨ ਸਿੰਘ ਅਤੇ ਗੁਰਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਪਹਿਲੀ ਨਵੰਬਰ ਨੂੰ ਪੰਜਾਬੀ ਹਿਤੈਸ਼ੀ ਕਾਲਾ ਦਿਵਸ ਮਨਾਉਣਗੇ, ਜਿਸ ਤਹਿਤ ਉਸ ਦਿਨ ਉਹ ਸਵੇਰੇ 10.30 ਵਜੇ ਸੈਕਟਰ 19 ਦੇ ਗੁਰਦੁਆਰੇ ਮੂਹਰੇ ਇਕੱਠੇ ਹੋਣਗੇ, ਜਿੱਥੋਂ ਰੋਸ ਮਾਰਚ ਸ਼ੁਰੂ ਕੀਤਾ ਜਾਵੇਗਾ। ਰੋਸ ਮਾਰਚ ਸੈਕਟਰ 19 ਅਤੇ 18 ਦੀਆਂ ਮਾਰਕੀਟਾਂ ਵਿਚੋਂ ਹੁੰਦਾ ਹੋਇਆ ਸੈਕਟਰ 17 ਦੀ ਮਾਰਕੀਟ ਵਿਚ ਪੁੱਜੇਗਾ ਜਿੱਥੇ ਸਮਾਪਤੀ ਕਰ ਕੇ ਮੰਚ ਦਾ ਵਫ਼ਦ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਮੰਗ ਪੱਤਰ ਸੌਂਪੇਗਾ। ਆਗੂਆਂ ਨੇ ਕਿਹਾ ਕਿ ਪਹਿਲੀ ਨਵੰਬਰ ਨੂੰ ਜਿੱਥੇ ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਦਾ ਸਥਾਪਨਾ ਦਿਵਸ ਮਨਾਵੇਗਾ, ਉੱਥੇ ਹੀ ਪੰਜਾਬੀ ਹਿਤੈਸ਼ੀ ਕਾਲਾ ਦਿਵਸ ਮਨਾਉਣਗੇ।
ਉਨ੍ਹਾਂ ਦੱਸਿਆ ਕਿ ਪਹਿਲੀ ਨਵੰਬਰ ਨੂੰ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ਵਿਚ ਗੁਲਾਮ ਬਣਾਇਆਂ ਨੂੰ 55 ਸਾਲ ਹੋਣ ਜਾ ਰਹੇ ਹਨ, ਜੋ ਪੰਜਾਬੀਆਂ ਲਈ ਬੜੀ ਨਮੋਸ਼ੀ ਦਾ ਸਬੱਬ ਹੈ, ਇਸ ਕਰ ਕੇ ਪੰਜਾਬੀ ਹਿਤੈਸ਼ੀ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ।
ਚੰਡੀਗੜ੍ਹ ਦੇ ਤਰਕਸ਼ੀਲਾਂ ਵੱਲੋਂ ਭਾਰਤ ਬੰਦ ਦਾ ਸਮਰਥਨ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਚੰਡੀਗੜ੍ਹ ਇਕਾਈ ਦੀ ਮੀਟਿੰਗ ਇਕਾਈ ਦੇ ਮੁਖੀ ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਦਿੱਤੇ ਭਾਰਤ ਬੰਦ ਦੇ ਸੱਦੇ ਬਾਰੇ ਚਰਚਾ ਕੀਤੀ ਗਈ। ਇਕਾਈ ਦੇ ਮੀਡੀਆ ਇੰਚਾਰਜ ਪ੍ਰੇਮ ਸਿੰਘ ਨੇ ਦੱਸਿਆ ਕਿ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਦੇ ਸੰਘਰਸ਼ ਨੂੰ ਤਕਰੀਬਨ 10 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਕੇਂਦਰ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ ਅਤੇ ਆਪਣੇ ਜੋਟੀਦਾਰ ਵਪਾਰਕ ਘਰਾਣਿਆਂ ਦਾ ਪੱਖ ਪੂਰਨ ਵਿਚ ਲੱਗੀ ਹੋਈ ਹੈ। ਇਕਾਈ ਦੇ ਪ੍ਰਧਾਨ ਜੋਗਾ ਸਿੰਘ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਅਤੇ ਚੰਡੀਗੜ੍ਹ ਜ਼ੋਨ ਦੇ ਮੁਖੀ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਚੰਡੀਗੜ੍ਹ ਇਕਾਈ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ 27 ਸਤੰਬਰ ਦੇ ਭਾਰਤ ਬੰਦ ਵਿਚ ਸ਼ਾਮਲ ਹੋਵੇਗੀ ਅਤੇ ਸਮਾਜ ਦੇ ਸਾਰੇ ਵਰਗ ਦੇ ਲੋਕਾਂ ਨੂੰ ਵਧ-ਚੜ੍ਹ ਕੇ ਇਸ ਸੰਘਰਸ਼ ’ਚ ਸ਼ਾਮਲ ਹੋਣ ਦੀ ਅਪੀਲ ਕਰੇਗੀ। ਮੀਟਿੰਗ ਵਿੱਚ ਅਵਤਾਰ ਸਿੰਘ, ਭਜਨ ਦਾਸ, ਗਿਆਨ ਚੰਦ, ਪ੍ਰੇਮ ਸਿੰਘ, ਬਲਵਿੰਦਰ ਸਿੰਘ, ਜੋਗਾ ਸਿੰਘ, ਦਲਬੀਰ ਸਿੰਘ, ਮਨਮੋਹਨ ਸਿੰਘ ਹਾਜ਼ਰ ਸਨ।
ਪੇਂਡੂ ਸੰਘਰਸ਼ ਕਮੇਟੀ ਨੇ ਵੀ ਦਿੱਤਾ ਭਾਰਤ ਬੰਦ ਨੂੰ ਸਮਰਥਨ
ਚੰਡੀਗੜ੍ਹ (ਪੱਤਰ ਪ੍ਰੇਰਕ): ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਸੰਯੁਕਤ ਮੋਰਚੇ ਵੱਲੋਂਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ। ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸੰਯੁਕਤ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਉੱਤੇ ਚੰਡੀਗੜ੍ਹ ਦੇ ਪਿੰਡਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 27 ਸਤੰਬਰ ਨੂੰ ਸ਼ਹਿਰ ਅਤੇ ਪਿੰਡਾਂ ਵਿੱਚ ਬਾਜ਼ਾਰ ਬੰਦ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ, ਦਵਾਈਆਂ ਵਾਲੀਆਂ ਦੁਕਾਨਾਂ, ਮੈਡੀਕਲ ਲੈਬਾਰਟਰੀਆਂ ਨੂੰ ਛੂਟ ਦਿੱਤੀ ਜਾਵੇ ਤੇ ਨਾਲ ਹੀ ਐਂਬੂਲੈਂਸ, ਬਹੁਤ ਜ਼ਰੂਰੀ ਕੰਮਾਂ ਵਾਲੇ, ਵਿਆਹ ਵਾਲੇ ਜਾਂ ਵਿਦੇਸ਼ ਜਾਣ ਵਾਲਿਆਂ ਨੂੰ ਨਾ ਰੋਕਿਆ ਜਾਵੇ। ਲੋਕ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਆਪੋ-ਆਪਣੇ ਘਰਾਂ ਵਿੱਚ ਰਹਿ ਕੇ ਸਹਿਯੋਗ ਕਰਨ।