ਆਤਿਸ਼ ਗੁਪਤਾ
ਚੰਡੀਗੜ੍ਹ, 12 ਮਈ
ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਤੋਂ ਕੌਂਸਲਰਾਂ ਵੱਲੋਂ ਲੰਘੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਣਗੋਲਿਆਂ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਸਬੰਧ ਵਿੱਚ ਭਾਜਪਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਰੁਣ ਸੂਦ ਨੇ ਆਮ ਆਦਮੀ ਪਾਰਟੀ ’ਤੇ ਚੰਡੀਗੜ੍ਹ ਨੂੰ ਪੰਜਾਬ ਤੋਂ ਕੰਟਰੋਲ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬ ਦਾ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ੍ਰੀ ਸੂਦ ਨੇ ਸੈਕਟਰ-33 ਸਥਿਤ ਭਾਜਪਾ ਦਫ਼ਤਰ ‘ਕਮਲਮ’ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਆਪਣੇ ਹਲਕਾ ਇੰਚਾਰਜ ਜਰਨੈਲ ਸਿੰਘ ਅਤੇ ਸਹਿ-ਇੰਚਾਰਜ ਕੁਲਵੰਤ ਸਿੰਘ ਸਮੇਤ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ ਸਨ ਅਤੇ ਨਗਰ ਨਿਗਮ ਕਮਿਸਨਰ ਅਤੇ ਹੋਰ ਅਧਿਕਾਰੀਆਂ ਬਾਰੇ ਸ਼ਿਕਾਇਤ ਕਰਦਿਆਂ ਸਬਕ ਸਿਖਾਉਣ ਦੀ ਗੱਲ ਕੀਤੀ ਸੀ। ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਅਤੇ ਹੋਰ ਅਧਿਕਾਰੀ ਜੋ ਪੰਜਾਬ ਤੋਂ ਚੰਡੀਗੜ੍ਹ ਆਏ ਹਨ, ਉਹ ਸਾਰੇ ਸਿਵਲ ਸੇਵਾ ਪੱਧਰ ਦੇ ਪ੍ਰਸ਼ਾਸਨਿਕ ਅਧਿਕਾਰੀ ਹਨ ਅਤੇ ਜਿੰਨਾ ਚਿਰ ਉਹ ਚੰਡੀਗੜ੍ਹ ਪ੍ਰਸਾਸਨ ਵਿੱਚ ਡੈਪੂਟੇਸਨ ’ਤੇ ਹਨ, ਉਨ੍ਹਾਂ ਦੀ ਜਵਾਬਦੇਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਜਾਂ ਪ੍ਰਸ਼ਾਸਨ ਦੀ ਬਣਦੀ ਹੈ, ਨਾ ਕਿ ਪੰਜਾਬ ਸਰਕਾਰ ਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲਈਆਂ ਸਨ ਤੇ ਪਾਰਟੀ ਕੌਂਸਲਰ ਵਾਅਦਿਆਂ ਨੂੰ ਪੂਰਾ ਕਰਨ ਤੋਂ ਅਸਮਰੱਥ ਹਨ। ਇਸ ਲਈ ਲੋਕਾਂ ਵਿੱਚ ਫੁੱਟ ਪਾਉਣਾ ਚਾਹੁੰਦੇ ਹਨ।
ਸ੍ਰੀ ਸੂਦ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਲਿਆਂਦੇ ਗਏ ਇੱਕ ਵੀ ਵਿਕਾਸ ਏਜੰਡੇ ਨੂੰ ਨਗਰ ਨਿਗਮ ਹਾਊਸ ਵਿੱਚ ਨਹੀਂ ਰੋਕਿਆ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਵਿਕਾਸ ਦੇ ਏਜੰਡੇ ਨੂੰ ਸਦਨ ਵਿੱਚ ਨਹੀਂ ਲਿਆਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਵੀ ਇਸ ਮਾਮਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰੇ।
‘ਆਪ’ ਨੂੰ ਬਦਨਾਮ ਕਰ ਰਹੀ ਹੈ ਭਾਜਪਾ: ਢੀਂਗਰਾ
ਚੰਡੀਗੜ੍ਹ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਆਗੂ ਯੋਗੇਸ਼ ਢੀਂਗਰਾ ਨੇ ਭਾਜਪਾ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੌਂਸਲਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਿਰਫ਼ ਮੁਲਾਕਾਤ ਕਰਨ ਗਏ ਸਨ। ਇਸ ਦੌਰਾਨ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਬਾਰੇ ਕੋਈ ਗੱਲ ਨਹੀਂ ਹੋਈ ਹੈ। ਸ੍ਰੀ ਢੀਂਗਰਾ ਨੇ ਕਿਹਾ ਕਿ ਭਾਜਪਾ ਝੂਠ ਬੋਲ ਕੇ ‘ਆਪ’ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਤੇਲੰਗਾਨਾ ਦੇ ਵਫ਼ਦ ਵੱਲੋਂ ਚੰਡੀਗੜ੍ਹ ਦਾ ਦੌਰਾ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਤੇਲੰਗਾਨਾ ਤੋਂ ਸਟੱਡੀ ਟੂਰ ’ਤੇ ਚੰਡੀਗੜ੍ਹ ਪੁੱਜੇ ਵਫ਼ਦ ਨੇ ਅੱਜ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾਨ ਕੀਤਾ। ਇਸ 40 ਮੈਂਬਰੀ ਵਫ਼ਦ ਦੀ ਅਗਵਾਈ ਤੇਲੰਗਾਨਾ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਸੀਐੱਚ ਮੱਲ੍ਹਾ ਰੈੱਡੀ ਕਰ ਰਹੇ ਸਨ। ਬੀਤੀ ਸ਼ਾਮ ਚੰਡੀਗੜ੍ਹ ਪੁੱਜੇ ਇਸ ਵਫਦ ਦਾ ਮੇਅਰ ਸਰਬਜੀਤ ਕੌਰ, ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਅਤੇ ਡਿਪਟੀ ਮੇਅਰ ਅਨੂਪ ਗੁਪਤਾ ਨੇ ਸਵਾਗਤ ਕੀਤਾ ਸੀ। ਅੱਜ ਸਵੇਰੇ ਵਫ਼ਦ ਨੇ ਸੀਟੀਯੂ ਦੀਆਂ ਦੋ ਇਲੈਕਟ੍ਰਿਕ ਬੱਸਾਂ ਰਾਹੀਂ ਇਥੇ ਸਨਅਤੀ ਖੇਤਰ ਸਥਿਤ ਐੱਮਆਰਐੱਫ ਸਟੇਸ਼ਨ ਤੋਂ ਬਾਅਦ ਮਲੋਆ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ, ਸਨਅਤੀ ਖੇਤਰ ਸਥਿਤ ਸੀਐਂਡਡੀ ਵੇਸਟ ਪਲਾਂਟ ਅਤੇ ਸੈਕਟਰ 17 ਦੇ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਦਾ ਦੌਰਾ ਕੀਤਾ। ਵਫ਼ਦ ਨੇ ਸੁਖਨਾ ਝੀਲ ਨੇੜੇ ਬਰਡ ਐਵੀਏਰੀ ਸਮੇਤ ਰੌਕ ਗਾਰਡਨ ਅਤੇ ਕੈਪੀਟਲ ਕੰਪਲੈਕਸ ਦਾ ਵੀ ਦੌਰਾ ਕੀਤਾ। ਵਫਦ ਦੇ ਮੈਂਬਰਾਂ ਨੇ ਕਿਹਾ ਕਿ ਚੰਡੀਗੜ੍ਹ ਸੁੰਦਰ ਸ਼ਹਿਰ ਹੈ ਅਤੇ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕੂੜੇ ਦੇ ਪ੍ਰਬੰਧਨ ਸਮੇਤ ਸਾਫ਼-ਸੁਥਰੀਆਂ ਸੜਕਾਂ ਅਤੇ ਪਾਰਕਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ।