ਕੁਲਦੀਪ ਸਿੰਘ
ਚੰਡੀਗੜ੍ਹ, 4 ਜੂਨ
ਯੂ.ਟੀ. ਚੰਡੀਗੜ੍ਹ ਦੇ ਵਿਰਾਸਤੀ ਮਹਿਕਮੇ ‘ਸੀ.ਟੀ.ਯੂ.’ ਵਿੱਚੋਂ ਪੰਜਾਬ ਦਾ ਦਬਦਬਾ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ ਕਿਉਂਕਿ ਇਸ ਅਦਾਰੇ ਵਿੱਚ ਤਕਰੀਬਨ ਸਾਰੇ ਪ੍ਰਮੁੱਖ ਅਹੁਦਿਆਂ ’ਤੇ ਹਰਿਆਣਾ ਨਾਲ ਸਬੰਧਤ ਅਧਿਕਾਰੀ ਤਾਇਨਾਤ ਹਨ ਅਤੇ ਨਿਯੁਕਤੀਆਂ ਵਿੱਚ 60:40 ਦਾ ਅਨੁਪਾਤ ਕਿਤੇ ਨਜ਼ਰ ਨਹੀਂ ਆ ਰਿਹਾ।
ਵਿਭਾਗ ਦੇ ਸੂਤਰਾਂ ਤੋਂ ਇਕੱਤਰ ਜਾਣਕਾਰੀ ਮੁਤਾਬਕ ਮਹਿਕਮੇ ਦੇ ਸਕੱਤਰ, ਡਾਇਰੈਕਟਰ, ਟਰਾਂਸਪੋਰਟ ਮੈਨੇਜਰ-ਕਮ-ਡੀ.ਐੱਮ., ਵਰਕਸ ਮੈਨੇਜਰ (ਡਬਲਿਊ.ਐਮ.), ਏਡੀਐਮ ਆਦਿ ਅਧਿਕਾਰੀ ਹਰਿਆਣਾ ਸੂਬੇ ਨਾਲ ਸਬੰਧਤ ਹਨ। ਇਸ ਅਦਾਰੇ ਦੇ ਡਾਇਰੈਕਟਰ ਦੇ ਅਹੁਦੇ ’ਤੇ ਵੀ ਐੱਚਸੀਐੱਸ ਅਧਿਕਾਰੀ ਨੂੰ ਤਾਇਨਾਤ ਕੀਤਾ ਗਿਆ ਹੈ। ਸੂਤਰ ਅਨੁਸਾਰ ਕੁਝ ਸਮਾਂ ਪਹਿਲਾਂ ਸੀਟੀਯੂ ਵਿੱਚ ਜੇਕਰ ਸਕੱਤਰ ਹਰਿਆਣਾ ਕੇਡਰ ਤੋਂ ਹੁੰਦਾ ਸੀ ਤਾਂ ਡਾਇਰੈਕਟਰ ਪੰਜਾਬ ਕੇਡਰ ਦਾ ਅਧਿਕਾਰੀ ਲਗਾਇਆ ਜਾਂਦਾ ਸੀ। ਮਤਲਬ ਇਹ ਕਿ ਵੱਖ-ਵੱਖ ਅਹੁਦਿਆਂ ’ਤੇ ਵੰਡ ਕੇ ਯੂਟੀ, ਪੰਜਾਬ ਅਤੇ ਹਰਿਆਣਾ ਕੇਡਰ ਦੇ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾਂਦੀ ਸੀ ਪ੍ਰੰਤੂ ਅੱਜਕੱਲ੍ਹ ਅਜਿਹਾ ਨਹੀਂ ਹੋ ਰਿਹਾ। ਆਊਟਸੋਰਸਿੰਗ ’ਤੇ ਚੱਲ ਰਹੇ ਕਿਸੇ ਹੋਰ ਸੂਬੇ ਨਾਲ ਸਬੰਧਤ ਇੱਕ ਵਰਕਸ ਮੈਨੇਜਰ ਨੇ ਹਾਲ ਹੀ ਵਿੱਚ ਇਸ ਕਰ ਕੇ ਅਸਤੀਫ਼ਾ ਦੇ ਦਿੱਤਾ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਉਸ ਦੀ ਥਾਂ ’ਤੇ ਕੋਈ ਹੋਰ ਮੈਨਜਰ ਭਰਤੀ ਕੀਤਾ ਜਾ ਰਿਹਾ ਹੈ।
ਆਊਟਸੋਰਸਿੰਗ ਰਾਹੀਂ ਵੀ ਹਰਿਆਣਾ ਨਾਲ ਸਬੰਧਤ ਸਟਾਫ਼ ਭਰਤੀ
ਸੂਤਰ ਇਹ ਵੀ ਦੱਸਦੇ ਹਨ ਕਿ ਸੀਟੀਯੂ ਵਿੱਚ ਆਊਟਸੋਰਸਿੰਗ ਰਾਹੀਂ ਵੀ ਜ਼ਿਆਦਾਤਰ ਹਰਿਆਣਾ ਨਾਲ ਸਬੰਧਤ ਸਟਾਫ਼ ਹੀ ਭਰਤੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਡਰਾਈਵਰ, ਕੰਡਕਟਰ, ਸਫ਼ਾਈ ਕਰਮਚਾਰੀ, ਸੁਰੱਖਿਆ ਗਾਰਡ ਆਦਿ ਸ਼ਾਮਲ ਹਨ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੀ.ਟੀ.ਯੂ. ਵਿੱਚ ਆਊਟਸੋਰਸਿੰਗ ਰਾਹੀਂ ਸਟਾਫ਼ ਭਰਤੀ ਕਰਨ ਵਾਲੀ ਕੰਪਨੀ ਵੀ ਹਰਿਆਣਾ ਦੀ ਹੀ ਹੈ। ਇਸ ਕੰਪਨੀ ਵਿੱਚ ਤਾਇਨਾਤ ਸੁਪਰਵਾਈਜ਼ਰ ਯੂ.ਟੀ. ਟਰਾਂਸਪੋਰਟ ਵਿਭਾਗ ਵਿੱਚ ਪਿਛਲੇ ਕਰੀਬ 10 ਸਾਲ ਤੋਂ ਤਾਇਨਾਤ ਇੱਕ ਸੀਨੀਅਰ ਸਹਾਇਕ ਦਾ ਪਿਤਾ ਹੈ। ਇਸ ਦੇ ਨਾਲ ਹੀ ਵਿਭਾਗ ਵਿੱਚ ਡੇਟਾ ਐਂਟਰੀ ਅਪ੍ਰੇਟਰਾਂ ਦਾ ਟੈਸਟ ਬੰਦ ਕੀਤਾ ਜਾ ਚੁੱਕਾ ਹੈ ਅਤੇ ਹੁਣ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਬਿਨਾ ਮਨਮਰਜ਼ੀ ਨਾਲ ਭਰਤੀਆਂ ਕੀਤੀਆਂ ਜਾ ਰਹੀਆਂ ਹਨ।
ਕੀ ਕਹਿੰਦੇ ਨੇ ਅਧਿਕਾਰੀ
ਯੂ.ਟੀ. ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦੁੱਮਨ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਵੱਖ-ਵੱਖ ਅਹੁਦਿਆਂ ਲਈ ਪੰਜਾਬ ਸਰਕਾਰ ਤੋਂ ਵੀ ਅਧਿਕਾਰੀਆਂ ਦੇ ਪੈਨਲ ਮੰਗੇ ਜਾਂਦੇ ਹਨ ਪ੍ਰੰਤੂ ਪੰਜਾਬ ਵੱਲੋਂ ਕੋਈ ਦਿਲਚਸਪੀ ਨਹੀਂ ਦਿਖਾਈ ਜਾਂਦੀ। ਸੀਟੀਯੂ ਵਿੱਚ ਆਊਟਸੋਰਸਿੰਗ ਰਾਹੀਂ ਹਰਿਆਣਾ ਤੋਂ ਬਹੁਗਿਣਤੀ ਸਟਾਫ਼ ਦੀ ਭਰਤੀ ਹੋਣ ਬਾਰੇ, ਉਨ੍ਹਾਂ ਕਿਹਾ ਕਿ ਇਹ ਕੰਮ ਆਊਟਸੋਰਸਿੰਗ ਏਜੰਸੀ ਦਾ ਹੈ।