ਪੱਤਰ ਪ੍ਰੇਰਕ
ਚੰਡੀਗੜ੍ਹ, 23 ਮਾਰਚ
ਸ਼ਹਿਰ ਵਿੱਚ ਵਧ ਰਹੇ ਕਰੋਨਾਵਾਇਰਸ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੈਂਪਸ ਵਿੱਚ ਕੋਵਿਡ-19 ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀਨ ਯੂਨੀਵਰਸਿਟੀ ਪ੍ਰੋ. ਵੀ.ਆਰ. ਸਿਨਹਾ ਦੇ ਨਿਰਦੇਸ਼ਾਂ ਸਦਕਾ ਕੀਤੀ ਗਈ ਹੰਗਾਮੀ ਮੀਟਿੰਗ ਵਿੱਚ ਕਈ ਫ਼ੈਸਲੇ ਲਏ ਗਏ।
ਮੀਟਿੰਗ ਵਿੱਚ ਫੈਸਲਾ ਹੋਇਆ ਕਿ ਵਿਦਿਆਰਥੀਆਂ ਦੀਆਂ ਕਲਾਸਾਂ ਆਨਲਾਈਨ ਵਿਧੀ ਨਾਲ ਹੀ ਲਗਾਈਆਂ ਜਾਣਗੀਆਂ ਜਦਕਿ ਟੀਚਿੰਗ ਵਿਭਾਗਾਂ ਦਾ ਸਟਾਫ ਅਤੇ ਹੋਰ ਅਫ਼ਸਰ ਆਦਿ ਸਾਰੇ ਕੰਮ ਕਾਜ ਵਾਲੇ ਦਿਨਾਂ ਵਿੱਚ ਆਪਣੇ ਦਫ਼ਤਰਾਂ ਵਿੱਚ ਡਿਊਟੀ ਜਾਰੀ ਰੱਖਣਗੇ। ਪਹਿਲਾਂ ਤੋਂ ਹੀ ਜਾਰੀ ਸ਼ਡਿਊਲ ਮੁਤਾਬਕ ਪ੍ਰੀਖਿਆਵਾਂ ਆਨਲਾਈਨ ਹੀ ਕਰਵਾਈਆਂ ਜਾਣਗੀਆਂ। ਏ.ਸੀ. ਜੋਸ਼ੀ ਲਾਇਬਰੇਰੀ ਅਤੇ ਹੋਰ ਵਿਭਾਗੀ ਲਾਇਬਰੇਰੀਆਂ 31 ਮਾਰਚ 2021 ਤੱਕ ਬੰਦ ਰਹਿਣਗੀਆਂ। ਹੋਲੀ ਦੇ ਤਿਉਹਾਰ ਮੌਕੇ ਯੂਨੀਵਰਸਿਟੀ ਕੈਂਪਸ ਵਿੱਚ ਕਿਸੇ ਵੀ ਇਕੱਠ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੋਵਿਡ-19 ਅਨੁਕੂਲ ਵਿਵਹਾਰ ਨੂੰ ਯਕੀਨੀ ਬਣਾਉਣ ਲਈ ਯੂਨੀਵਰਸਿਟੀ ਦੇ ਸਟਾਫ਼ ਅਤੇ ਵਿਦਿਆਰਥੀਆਂ ਦੇ ਕੈਂਪਸ ਵਿੱਚ ਵਿਦਿਆਰਥੀਆਂ ਦੇ ਕਿਸੇ ਵੀ ਤਰ੍ਹਾਂ ਦੇ ਇਕੱਠਾਂ ਉੱਤੇ ਪਾਬੰਦੀ ਲਗਾਈ ਗਈ ਹੈ ਜੋ ਡਿਪਟੀ ਕਮਿਸ਼ਨਰ ਚੰਡੀਗੜ੍ਹ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਇਕੱਠ ਨਹੀਂ ਕੀਤੇ ਜਾ ਸਕਣਗੇ। ਮੀਟਿੰਗ ਵਿੱਚ ਡੀਨ ਵਿਦਿਆਰਥੀ ਭਲਾਈ (ਲੜਕੇ) ਪ੍ਰੋ. ਐੱਸ.ਕੇ. ਤੋਮਰ, ਪ੍ਰੋ. ਸੁਖਬੀਰ ਕੌਰ, ਡੀਨ ਕਾਲਜ ਵਿਕਾਸ ਕਾਉਂਸਿਲ ਪ੍ਰੋ. ਸੰਜੇ ਕੌਸ਼ਿਕ, ਪ੍ਰੋ. ਨਵਲ ਕਿਸ਼ੋਰ, ਪ੍ਰੋ. ਹੇਮੰਤ ਬੱਤਰਾ, ਵਿਕਰਮ ਨਈਅਰ, ਕੰਟਰੋਲਰ ਪ੍ਰੀਖਿਆਵਾਂ ਡਾ. ਜਗਤ ਭੂਸ਼ਨ, ਲਾਇਬਰੇਰੀਅਨ ਡਾ. ਜਿਵੇਸ਼ ਬੰਸਲ ਅਤੇ ਚੀਫ਼ ਸਕਿਓਰਿਟੀ ਅਫ਼ਸਰ ਵਿਕਰਮ ਸਿੰਘ ਵੀ ਹਾਜ਼ਰ ਸਨ।