ਕੁਲਦੀਪ ਸਿੰਘ
ਚੰਡੀਗੜ੍ਹ, 14 ਜਨਵਰੀ
ਪੰਜਾਬ ਯੂਨੀਵਰਸਿਟੀ (ਸੈਕਟਰ 14) ਦੀ ਮਾਰਕੀਟ ਵਿੱਚ ਪਿਛਲੇ ਲੰਬੇ ਸਮੇਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਨਾਲ ਸਬੰਧਤ ਦੁਕਾਨ ਚਲਾਉਂਦੇ ਆ ਰਹੇ ਨੀਰਜ ਆਹੂਜਾ ਨਾਂ ਦੇ ਵਿਅਕਤੀ ਨੇ ਆਤਮ-ਹੱਤਿਆ ਕਰ ਲਈ। ਸੂਤਰਾਂ ਮੁਤਾਬਕ ਉਸ ਨੇ ਕਰੋਨਾ ਦੌਰ ਤੋਂ ਪ੍ਰਸ਼ਾਸਨਿਕ ਹੁਕਮਾਂ ਕਾਰਨ ਲਗਾਤਾਰ ਬੰਦ ਚਲੀ ਆ ਰਹੀ ਦੁਕਾਨ ਵਿੱਚ ਪੈ ਰਹੇ ਘਾਟੇ ਕਾਰਨ ਇਹ ਕਦਮ ਚੁੱਕਿਆ।
ਦੁਕਾਨਦਾਰ ਨੀਰਜ ਦੇ ਆਤਮ ਹੱਤਿਆ ਕੀਤੇ ਜਾਣ ਮਗਰੋਂ ਚੰਡੀਗੜ੍ਹ ਯੂਥ ਕਾਂਗਰਸ ਉਸ ਦੇ ਹੱਕ ਵਿੱਚ ਉਤਰੀ ਜਿਸ ਵੱਲੋਂ ਅੱਜ ਪੀ.ਯੂ. ਦੇ ਗੇਟ ਨੰਬਰ 2 ਉੱਤੇ ਮਾਰਕੀਟ ਦੇ ਹੋਰਨਾਂ ਦੁਕਾਨਦਾਰਾਂ ਨਾਲ ਇਕੱਠੇ ਹੋ ਕੇ ਧਰਨਾ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ’ਵਰਸਿਟੀ ਦੀ ਅਥਾਰਿਟੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਨੀਰਜ ਆਹੂਜਾ ਪਿਛਲੇ ਲੰਬੇ ਸਮੇਂ ਤੋਂ ਬੰਦ ਚਲੀ ਆ ਰਹੀ ਦੁਕਾਨ ਕਰਕੇ ਕਾਫ਼ੀ ਪ੍ਰੇਸ਼ਾਨ ਸੀ। ਹਾਲੇ ਵੀ ਪੀਯੂ ਅਥਾਰਟੀ ਵੱਲੋਂ 16 ਜਨਵਰੀ ਤੱਕ ਦੁਕਾਨਾਂ ਬੰਦ ਰੱਖਣ ਦਾ ਨੋਟਿਸ ਦਿੱਤਾ ਹੋਇਆ ਸੀ। ਨੀਰਜ ਨੂੰ ਕਾਫ਼ੀ ਘਾਟਾ ਪੈਣ ਕਰਕੇ ਉਹ ਕਾਫ਼ੀ ਚਿੰਤਤ ਹੋ ਗਿਆ ਕਿਉਂਕਿ ਹਾਲੇ ਵੀ ਕਰੋਨਾ ਮਹਾਮਾਰੀ ਕਰਕੇ ਉਸ ਨੂੰ ਦੁਕਾਨਾਂ ਖੁੱਲ੍ਹਣ ਦੀ ਕੋਈ ਆਸ ਨਹੀਂ ਸੀ। ਯੂਥ ਕਾਂਗਰਸ ਪ੍ਰਧਾਨ ਮਨੋਜ ਲੁਬਾਣਾ ਨੇ ਐਸ.ਐਸ.ਪੀ. ਚੰਡੀਗੜ੍ਹ ਨੂੰ ਵੀ ਇੱਕ ਪੱਤਰ ਭੇਜਿਆ ਜਿਸ ਬਾਰੇ ਉਨ੍ਹਾਂ ਦੱਸਿਆ ਕਿ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਨੀਰਜ ਆਹੂਜਾ ਦੀ ਮੌਤ ਲਈ ਜ਼ਿੰਮੇਵਾਰੀ ਵਿਅਕਤੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।