ਹਰਜੀਤ ਸਿੰਘ
ਜ਼ੀਰਕਪੁਰ, 7 ਫਰਵਰੀ
ਹਲਕਾ ਡੇਰਾਬੱਸੀ ਵਿੱਚ ਅਕਾਲੀ-ਬਸਪਾ ਉਮੀਦਵਾਰ ਐੱਨ.ਕੇ. ਸ਼ਰਮਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਹਲਕਾ ਡੇਰਾਬੱਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਨੂੰ ਟਿਕਟ ਮਿਲਣ ਦਾ ਵਿਰੋਧ ਕਰ ਰਹੇ ਸੰਯੁਕਤ ਕਾਂਗਰਸ ਮੋਰਚਾ ਦੇ ਅਹੁਦੇਦਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਅਗਵਾਈ ਹੇਠ ਜ਼ੀਰਕਪੁਰ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕਰਦਿਆਂ ਟਕਸਾਲੀ ਕਾਂਗਰਸੀਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਨਹੀਂ ਹੈ, ਸਗੋਂ ਅਕਾਲੀ ਦਲ ਹੀ ਪੰਜਾਬੀਆਂ ਦੀ ਅਸਲ ਪਾਰਟੀ ਹੈ।
ਇਸ ਮੌਕੇ ਸੰਯੁਕਤ ਕਾਂਗਰਸ ਮੋਰਚੇ ਦੇ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਬਹਾਦਰ ਸਿੰਘ ਝਰਮੜੀ, ਡੇਰਾਬੱਸੀ ਸਿਟੀ ਕਾਂਗਰਸ ਦੇ ਪ੍ਰਧਾਨ ਮਨੋਜ ਸ਼ਰਮਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਾਹੁਲ ਕੌਸ਼ਿਕ, ਸਾਬਕਾ ਸਰਪੰਚ ਬਲਬੀਰ ਸਿੰਘ, ਸਾਬਕਾ ਬਲਾਕ ਸਮਿਤੀ ਮੈਂਬਰ ਪ੍ਰਦੀਪ ਸਿੰਘ ਮਾਹਣਾ, ਸਾਬਕਾ ਸਰਪੰਚ ਹਰਵਿੰਦਰ ਸਿੰਘ ਟੋਨੀ ਅਤੇ ਅਜੈਬ ਸਿੰਘ ਦੱਪਰ ਆਦਿ ਸਣੇ ਵੱਡੀ ਗਿਣਤੀ ਲੋਕ ਅਕਾਲੀ ਦਲ ’ਚ ਸ਼ਾਮਲ ਹੋਏ। ਇਸ ਮੌਕੇ ਜਸਪਾਲ ਸਿੰਘ ਜ਼ੀਰਕਪੁਰ, ਬੀਬੀ ਸ਼ੀਲਮ ਸੋਹੀ, ਕ੍ਰਿਸ਼ਨਪਾਲ ਸ਼ਰਮਾ ਤੇ ਮਨਜੀਤ ਸਿੰਘ ਮਲਕਪੁਰ ਸਣੇ ਹੋਰ ਆਗੂ ਵੀ ਹਾਜ਼ਰ ਸਨ।
ਕਾਂਗਰਸ ਨੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਕੀਤਾ: ਸ਼ਰਮਾ
ਡੇਰਾਬੱਸੀ/ਲਾਲੜੂ (ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ): ਡੇਰਾਬੱਸੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਐੱਨ.ਕੇ. ਸ਼ਰਮਾ ਨੇ ਅੱਜ ਲਾਲੜੂ ਸਰਕਲ ਦੇ ਦਰਜਨਾਂ ਪਿੰਡਾਂ ਜਾਸਤਨਾ ਖੁਰਦ, ਜਾਸਤਨਾ ਕਲਾਂ, ਧਰਮਗੜ੍ਹ, ਰਾਮਗੜ੍ਹ ਰੁੜਕੀ, ਮੀਰਪੁਰਾ, ਧੀਰੇਮਾਜਰਾ, ਜੜੌਤ, ਸੰਗੋਥਾ, ਝਰਮੜੀ, ਕੁਰਲੀ, ਬਟੌਲੀ, ਸਿਤਾਰਪੁਰ, ਬੈਰਮਾਜਰਾ, ਹਸਨਪੁਰ, ਜਲਾਲਪੁਰ, ਲੈਹਲੀ ਆਦਿ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਕਾਂਗਰਸ ਸਰਕਾਰ ਨੇ ਧੱਕੇਸਾਹੀਆਂ ਅਤੇ ਭ੍ਰਿਸ਼ਟਾਚਾਰ ਤੋਂ ਬਿਨਾ ਕੋਈ ਕੰਮ ਨਹੀਂ ਕੀਤਾ। ਇਸ ਦੌਰਾਨ ਕਈ ਥਾਵਾਂ ’ਤੇ ਉਨ੍ਹਾਂ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ।