ਨਵੀਂ ਦਿੱਲੀ, 14 ਅਗਸਤ
ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 11 ਸੀਨੀਅਰ ਵਕੀਲਾਂ ਨੂੰ ਵਧੀਕ ਜੱਜ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ 57 ਹੋ ਜਾਵੇਗੀ ਜਦਕਿ ਹਾਈ ਕੋਰਟ ਵਿਚ ਮਨਜ਼ੂਰਸ਼ੁਦਾ ਜੱਜਾਂ ਦੀਆਂ 85 ਅਸਾਮੀਆਂ ਹਨ। ਵਧੀਕ ਜੱਜ ਵਜੋਂ ਨਿਧੀ ਗੁਪਤਾ, ਸੰਜੇ ਵਸ਼ਿਸ਼ਠ, ਤ੍ਰਿਭੁਵਨ ਦਹੀਆ, ਨਮਿਤ ਕੁਮਾਰ, ਹਰਕੇਸ਼ ਮਨੂਜਾ, ਅਮਨ ਚੌਧਰੀ, ਨਰੇਸ਼ ਸਿੰਘ, ਹਰਸ਼ ਬੰਗੜ, ਜਗਮੋਹਨ ਬਾਂਸਲ, ਦੀਪਕ ਮਨਚੰਦਾ ਅਤੇ ਅਲੋਕ ਜੈਨ ਸ਼ਾਮਲ ਹਨ। ਇਨ੍ਹਾਂ ਦੀ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ। ਚੀਫ਼ ਜਸਟਿਸ ਐਨ ਵੀ ਰਾਮੰਨਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਕੌਲਿਜੀਅਮ ਨੇ 25 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਤਰੱਕੀ ਲਈ ਇਨ੍ਹਾਂ 11 ਵਕੀਲਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ।