ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਅਕਤੂਬਰ
ਨਗਰ ਨਿਗਮ ਚੰਡੀਗੜ੍ਹ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਾਉਣ ਵਾਲੇ ਡਿਫਾਲਟਰਾਂ ਖ਼ਿਲਾਫ਼ ਸਖਤੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਨਿਗਮ ਟੀਮ ਵੱਲੋਂ ਅੱਜ ਇੱਥੇ ਸਨਅਤੀ ਖੇਤਰ ਫੇਜ਼ 1 ਸਥਿਤ ਸੈਂਟਰਾ ਮਾਲ ਵਿੱਚ 3 ਕਮਰਸ਼ੀਅਲ ਇਕਾਈਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਦੀ ਟੈਕਸ ਵਿੰਗ ਦੀ ਟੀਮ ਨੇ ਪੁਲੀਸ ਸੁਰੱਖਿਆ ਹੇਠ ਇੱਥੇ 3 ਜਾਇਦਾਦਾਂ ਨੂੰ ਸੀਲ ਕੀਤਾ। ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਕੁਰਕੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਸਨ ਅਤੇ ਕੁਰਕੀ ਨੋਟਿਸਾਂ ਨੂੰ ਜਾਰੀ ਕਰਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਟੈਕਸ ਜਮ੍ਹਾਂ ਕਰਨ ਲਈ ਆਖਰੀ ਮੌਕਾ ਦਿੱਤਾ ਗਿਆ ਸੀ। ਨਗਰ ਨਿਗਮ ਨੇ ਲੰਘੀ 19 ਸਤੰਬਰ ਤੱਕ ਲਗਪਗ ਸਵਾ ਕਰੋੜ ਰੁਪਏ ਰਕਮ ਦੇ ਪ੍ਰਾਪਰਟੀ ਟੈਕਸ ਦੇ ਕੁੱਲ ਬਕਾਏਦਾਰ 58 ਡਿਫਾਲਟਰਾਂ ਨੂੰ ਜਾਇਦਾਦ ਕੁਰਕੀ ਦੇ ਨੋਟਿਸ ਜਾਰੀ ਕੀਤੇ ਸਨ। ਇਨ੍ਹਾਂ 58 ਕੁਰਕੀ ਨੋਟਿਸਾਂ ਵਿੱਚੋਂ 27 ਬਕਾਏਦਾਰਾਂ ਨੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰ ਦਿੱਤਾ ਹੈ ਅਤੇ 5 ਨੇ ਪ੍ਰਾਪਰਟੀ ਟੈਕਸ ਦੇ ਬਕਾਏ ਦੇ ਵੇਰਵਿਆਂ ਬਾਰੇ ਨਗਰ ਨਿਗਮ ਕੋਲ ਆਪਣੇ ਅਪੀਲ ਦਰਜ ਕਰਵਾਈ ਹੈ। ਬਾਕੀ ਦੇ 26 ਪ੍ਰਾਪਰਟੀ ਟੈਕਸ ਬਕਾਏਦਾਰਾਂ ਨੇ ਕੁਰਕੀ ਦੇ ਨੋਟਿਸ ਜਾਰੀ ਹੋਣ ਦੇ ਬਾਵਜੂਦ ਨਾ ਤਾਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਹੈ ਅਤੇ ਨਾ ਹੀ ਨਿਗਮ ਦੇ ਨੋਟਿਸਾਂ ਨੂੰ ਲੈ ਕੇ ਕੋਈ ਜਵਾਬ ਦਿੱਤਾ ਹੈ। ਨਿਗਮ ਵੱਲੋਂ ਅਜਿਹੇ ਡਿਫਾਲਟਰਾਂ ਦੀ ਪ੍ਰਾਪਰਟੀ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।