ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 13 ਜੁਲਾਈ
ਇੱਥੋਂ ਦੇ ਫੇਜ਼-10 ਸਥਿਤ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਅੱਜ ਦੇਰ ਸ਼ਾਮ ਪੁਲੀਸ ਦੀ ਮੌਜੂਦਗੀ ਵਿੱਚ ਗੰਨ ਪੁਆਇੰਟ ’ਤੇ ਡਲਿਵਰੀ ਬੁਆਏ ਦਾ ਮੋਟਰਸਾਈਕਲ ਖੋਹਣ ਅਤੇ ਮੁਲਜ਼ਮ ਵੱਲੋਂ ਪੀਸੀਆਰ ਦੇ ਜਵਾਨ ’ਤੇ ਪਿਸਤੌਲ ਤਾਣ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ।
ਹਾਊਸਫੈੱਡ ਕੰਪਲੈਕਸ ਦੇ ਸਾਹਮਣੇ ਮੀਟ ਮਾਰਕੀਟ ਨੇੜੇ ਪੁਲੀਸ ਨੇ ਬਨੈਲੋ ਕਾਰ ਨੂੰ ਰੋਕ ਕੇ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰ ਪੁਲੀਸ ਕਰਮਚਾਰੀਆਂ ਨਾਲ ਖਹਬਿੜ ਪਿਆ ਅਤੇ ਉਹ ਉੱਥੋਂ ਆਪਣੀ ਕਾਰ ਭਜਾ ਕੇ ਸਿਲਵੀ ਪਾਰਕ ਦੇ ਸਾਹਮਣੇ ਗੁਰੂ ਨਾਨਕ ਸਵੀਟਸ ਨੇੜੇ ਆ ਕੇ ਰੁਕ ਗਿਆ। ਏਨੇ ਵਿੱਚ ਕਾਰ ਦਾ ਪਿੱਛਾ ਕਰਦਾ ਹੋਇਆ ਪੀਸੀਆਰ ਜਵਾਨ ਵੀ ਉੱਥੇ ਆ ਗਿਆ ਅਤੇ ਉਸ ਨੇ ਕਾਰ ਦੇ ਸ਼ੀਸ਼ੇ ’ਤੇ ਹੱਥ ਮਾਰ ਕੇ ਨੌਜਵਾਨ ਨੂੰ ਬਾਹਰ ਆਉਣ ਲਈ ਕਿਹਾ। ਜਿਵੇਂ ਕਾਰ ਸਵਾਰ ਨੇ ਪੁਲੀਸ ਕਰਮੀ ਵੱਲ ਪਿਸਤੌਲ ਤਾਣੀ ਤਾਂ ਉਹ ਤੁਰੰਤ ਪਿੱਛੇ ਹਟ ਗਿਆ ਅਤੇ ਨੌਜਵਾਨ ਕਾਰ ਉੱਥੇ ਹੀ ਛੱਡ ਕੇ ਪੈਦਲ ਭੱਜ ਲਿਆ ਅਤੇ ਨੇੜੇ ਹੀ ਸਵੀਟੀ ਡਲਿਵਰੀ ਬੁਆਏ ਤੋਂ ਗੰਨ ਪੁਆਇੰਟ ’ਤੇ ਉਸ ਦਾ ਮੋਟਰਸਾਈਕਲ ਖੋਹ ਲਿਆ।
ਹਾਲਾਂਕਿ ਪੀਸੀਆਰ ਜਵਾਨ ਪਿੱਛਾ ਕਰਦਾ ਹੋਇਆ ਉੱਥੇ ਪਹੁੰਚ ਗਿਆ ਸੀ ਪਰ ਮੁਲਜ਼ਮਨੇ ਫਿਰ ਪੁਲੀਸ ਕਰਮੀ ਵੱਲ ਪਿਸਤੌਲ ਤਾਣ ਲਈ ਅਤੇ ਉੱਥੋਂ ਫਰਾਰ ਹੋ ਗਿਆ। ਬਾਅਦ ਵਿੱਚ ਮੁਲਜ਼ਮ ਡਲਿਵਰੀ ਬੁਆਏ ਤੋਂ ਖੋਹਿਆ ਮੋਟਰਸਾਈਕਲ ਬੁੜੈਲ ਜੇਲ੍ਹ ਨੇੜੇ ਸੁੱਟ ਕੇ ਉੱਥੋਂ ਫਰਾਰ ਹੋ ਗਿਆ।
ਪੁਲੀਸ ਨੇ ਮਾਰਕੀਟ ’ਚੋਂ ਮੁਲਜ਼ਮ ਨੌਜਵਾਨ ਦੀ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਸਿਰਫ਼ ਏਨਾ ਹੀ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।