ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਸਤੰਬਰ
ਗੇਟਵੇਅ ਸਿਟੀ ਮੁਹਾਲੀ ਦੇ ਸੈਕਟਰ-118 ਅਤੇ 119 ਦੇ ਬਾਸ਼ਿੰਦਿਆਂ ਅਤੇ ਅਲਾਟੀਆਂ ਨੂੰ ਨੇੜ ਭਵਿੱਖ ਵਿੱਚ ਸਰਬਪੱਖੀ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਮਿਲਣ ਦੀ ਆਸ ਬੱਝ ਗਈ ਹੈ। ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਵੱਲੋਂ ਗੇਟਵੇਅ ਸਿਟੀ ਦੇ ਰਹਿੰਦੇ ਵਿਕਾਸ ਕਾਰਜ ਛੇਤੀ ਸ਼ੁਰੂ ਕੀਤੇ ਜਾਣਗੇ ਅਤੇ ਪ੍ਰਾਜੈਕਟ ਦੇ ਅਲਾਟੀਆਂ/ਵਸਨੀਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਸੈਕਟਰਾਂ ਵਿੱਚ ਆਪਣੇ ਸੁਪਨਿਆਂ ਦਾ ਘਰ ਬਣਾਉਣ, ਸੀਵਰੇਜ ਅਤੇ ਹੋਰ ਮੁੱਢਲੀਆਂ ਸਹੂਲਤਾਂ ਨੂੰ ਲੋਕ ਤਰਸ ਰਹੇ ਹਨ ਅਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਅਤੇ ਪਿੰਡ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਦੀ ਟਰਾਂਸਫ਼ਰ ਅਤੇ ਪ੍ਰਾਜੈਕਟ ਵਿੱਚ ਪੈਂਦੇ ਰੈਵੀਨਿਊ ਰਸਤਿਆਂ ਦੀ ਕੀਮਤ ਫਿਕਸ ਨਾ ਹੋਣ ਕਾਰਨ ਵਿਕਾਸ ਦੇ ਇਹ ਕੰਮ ਅੱਧ ਵਿਚਾਲੇ ਲਮਕ ਰਹੇ ਸਨ। ਪੁੱਡਾ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਜੈਕਟ ਦੇ ਅਲਾਟੀਆਂ/ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁੱਡਾ ਵੱਲੋਂ ਇਹ ਮੁੱਦਾ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਨ੍ਹਾਂ ਵੱਲੋਂ ਪੰਚਾਇਤੀ ਜ਼ਮੀਨ ਪੁੱਡਾ ਨੂੰ ਟਰਾਂਸਫ਼ਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਰੈਵੀਨਿਊ ਰਸਤਿਆਂ ਦੇ ਫਿਕਸ ਕੀਤੇ ਰੇਟਾਂ ਸਬੰਧੀ ਵੀ ਸੂਚਿਤ ਕਰ ਦਿੱਤਾ ਹੈ।