ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 11 ਨਵੰਬਰ
ਡੈਪੂਟੇਸ਼ਨ ਵਿਰੋਧੀ ਫਰੰਟ ਦੇ ਸੱਦੇ ’ਤੇ ਪੁੱਡਾ ਦੇ ਸਮੂਹ ਇੰਜਨੀਅਰਾਂ ਨੇ ਅੱਜ ਪੰਜਾਬ ਸਰਕਾਰ ਅਤੇ ਪੁੱਡਾ ਮੈਨੇਜਮੈਂਟ ਖ਼ਿਲਾਫ਼ ਰੋਸ ਵਿਖਾਵਾ ਕਰਦਿਆਂ ਡੈਪੂਟੇਸ਼ਨ ਨੀਤੀ ਦਾ ਪੁਤਲਾ ਸਾੜਿਆ। ਇਸ ਮੌਕੇ ਡੈਪੂਟੇਸ਼ਨ ਵਿਰੋਧੀ ਫਰੰਟ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੁੱਡਾ ਪ੍ਰਸ਼ਾਸਨ ਵੱਲੋਂ ਡੈਪੂਟੇਸ਼ਨ ’ਤੇ ਆਏ ਇੰਜਨੀਅਰਾਂ ਨੂੰ ਜਲਦੀ ਵਾਪਸ ਨਹੀਂ ਭੇਜਿਆ ਗਿਆ ਤਾਂ ਇੰਜਨੀਅਰ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਅਤੇ ਇਨਸਾਫ਼ ਪ੍ਰਾਪਤੀ ਲਈ ਆਰਪਾਰ ਦੀ ਲੜਾਈ ਲੜਨ ਲਈ ਸੰਘਰਸ਼ ਤੇਜ਼ ਕਰਨਗੇ।
ਇਸ ਮੌਕੇ ਮਨਦੀਪ ਸਿੰਘ ਲਾਚੋਵਾਲ, ਨਵੀਨ ਕੰਬੋਜ, ਅਨਮੋਲ ਸਿੰਘ ਸਮਰਾ, ਪ੍ਰੀਤਪਾਲ ਸਿੰਘ, ਰਣਦੀਪ ਸਿੰਘ, ਹੇਮੰਤ ਸਿੰਗਲਾ, ਜਰਮਨਜੋਤ ਸਿੰਘ ਅਤੇ ਹਰਮਨਦੀਪ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ ਸਗੋਂ ਡੈਪੂਟੇਸ਼ਨ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਡੈਪੂਟੇਸ਼ਨ ’ਤੇ ਆਉਣ ਵਾਲੇ ਇੰਜਨੀਅਰਾਂ ਵੱਲੋਂ ਪੁੱਡਾ/ਗਮਾਡਾ ਵਿੱਚ ਜੋ ਵੀ ਕਥਿਤ ਬੇਨਿਯਮੀਆਂ ਕੀਤੀਆਂ ਹਨ, ਉਸ ਦਾ ਖ਼ਮਿਆਜ਼ਾ ਪੁੱਡਾ ਦੇ ਮੂਲ ਇੰਜਨੀਅਰਾਂ ਨੂੰ ਭੁਗਤਨਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਭਵਿੱਖ ਵਿੱਚ ਵੀ ਪਿਛਲੀ ਗਲਤੀ ਨੂੰ ਮੁੜ ਦੁਹਰਾਇਆ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਪੁੱਡਾ ਦੇ ਮੂਲ ਇੰਜੀਨੀਅਰ ਤਜਰਬੇ ਦੀਆਂ ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਜੋ ਕਿ ਹੋਰਨਾਂ ਵਿਭਾਗਾਂ ਤੋਂ ਆਉਣ ਵਾਲੇ ਇੰਜਨੀਅਰਾਂ ਤੋਂ ਪੁੱਡਾ ਵੱਲੋਂ ਮੰਗੀਆਂ ਗਈਆਂ ਸਨ ਪਰ ਪ੍ਰਸ਼ਾਸਨ ਵੱਲੋਂ ਪੁੱਡਾ ਦੇ ਮੂਲ ਇੰਜਨੀਅਰਾਂ ਨਾਲ ਕਥਿਤ ਵਿਤਕਰਾ ਕਰਦੇ ਹੋਏ ਹੋਰਨਾਂ ਵਿਭਾਗਾਂ ਦੇ ਬਰਾਬਰ ਯੋਗਤਾ ਰੱਖਦੇ ਇੰਜਨੀਅਰਾਂ ਨੂੰ ਪੁੱਡਾ ਦੇ ਮੂਲ ਇੰਜੀਨੀਅਰਾਂ ਦੇ ਉੱਪਰ ਤਾਇਨਾਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁੱਡਾ ਇੰਜਨੀਅਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਮੰਤਰੀ ਅਤੇ ਪ੍ਰਮੁੱਖ ਸਕੱਤਰ ਨਾਲ ਮੀਟਿੰਗਾਂ ਕਰ ਕੇ ਡੈਪੂਟੇਸ਼ਨ ਵਿਰੁੱਧ ਆਵਾਜ਼ ਚੁੱਕੀ ਜਾਂਦੀ ਰਹੀ ਹੈ ਪਰ ਹੁਣ ਤੱਕ ਕੋਈ ਸਾਰਥਕ ਸਿੱਟਾ ਨਹੀਂ ਨਿਕਲ ਸਕਿਆ।