ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜਨਵਰੀ
ਚੰਡੀਗੜ੍ਹ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਤੋਰਨ ਲਈ ਯੂਟੀ ਪ੍ਰਸ਼ਾਸਨ ਮਾਸਟਰ ਪਲਾਨ-2031 ਲਾਗੂ ਕਰਨ ਲਈ ਪੱਬਾਂ ਭਾਰ ਹੋਇਆ ਪਿਆ ਹੈ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਦੇ ਸਲਾਹਕਾਰ ਧਰਮਪਾਲ ਨੇ ਮਾਸਟਰ ਪਲਾਨ ਤਹਿਤ ਕੀਤੇ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ।
ਯੂਟੀ ਦੇ ਚੀਫ ਆਰਕੀਟੈਕਟ ਕਪਿਲ ਸੇਤੀਆ ਨੇ ਚੰਡੀਗੜ੍ਹ ਮਾਸਟਰ ਪਲਾਨ-2031 ਦੇ ਅਹਿਮ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਸੈਕਟਰ-34 ਤੇ 43 ’ਚ ਸਬ ਸਿਟੀ ਸੈਂਟਰ ਸਥਾਪਿਤ ਕਰਨਾ, ਮਨੀਮਾਜਰਾ ਦੇ ਵਪਾਰਕ ਖੇਤਰ ਵਿੱਚ ਨਵੇਂ ਪ੍ਰਾਜੈਕਟ ਲਿਆਉਣਾ, ਸਰਕਾਰੀ ਘਰਾਂ ਦਾ ਨਵੀਨੀਕਰਨ ਕਰਨਾ, ਸੈਕਟਰ-42 ’ਚ ਬੇਅੰਤ ਸਿੰਘ ਮੈਮੋਰੀਅਲ ਬਣਾਉਣਾ ਆਦਿ ਕਈ ਵੱਡੇ ਪ੍ਰਾਜੈਕਟ ਸ਼ਾਮਲ ਹਨ।
ਪ੍ਰਸ਼ਾਸਕ ਦੇ ਸਲਾਹਕਾਰ ਨੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਕੰਮਾਂ ਨੂੰ ਤੈਅ ਸਮੇਂ ਵਿੱਚ ਮੁਕੰਮਲ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦਾ ਸਮੇਂ-ਸਮੇਂ ’ਤੇ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਪੜਾਅਵਾਰ ਸ਼ੁਰੂ ਕੀਤਾ ਜਾਵੇ ਤਾਂ ਜੋ ਪ੍ਰਾਜੈਕਟਾਂ ਲਈ ਬਜਟ ਵਿੱਚ ਕੋਈ ਦਿਕੱਤ ਨਾ ਆਵੇ। ਇਸ ਮੌਕੇ ਯੂਟੀ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹੇ।
ਸਲਾਹਕਾਰ ਵੱਲੋਂ ‘ਕੋਵਿਡ ਹੈਲਥ ਕੰਟਰੋਲ ਰੂਮ’ ਦਾ ਦੌਰਾ
ਚੰਡੀਗੜ੍ਹ (ਪੱਤਰ ਪ੍ਰੇਰਕ): ਕੋਵਿਡ ਮਰੀਜ਼ਾਂ ਦੀ ਸਹਾਇਤਾ ਲਈ ਯੂਟੀ ਪ੍ਰਸ਼ਾਸਨ ਵੱਲੋਂ ਜੀ.ਐੱਮ.ਐੱਸ.ਐੱਚ.-16 ਵਿੱਚ 5 ਸਮਾਨਾਂਤਰ ਟੈਲੀਫ਼ੋਨ ਲਾਈਨਾਂ ਨਾਲ ਸ਼ੁਰੂ ਕੀਤੇ ਗਏ ‘ਕੋਵਿਡ ਹੈਲਥ ਕੰਟਰੋਲ ਰੂਮ’ ਦਾ ਅੱਜ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੱਲੋਂ ਦੌਰਾ ਕੀਤਾ ਗਿਆ। ਉਨ੍ਹਾਂ ਨੇ ਕੰਟਰੋਲ ਰੂਮ ਵਿੱਚ ਤਾਇਨਾਤ ਡਾਕਟਰਾਂ ਅਤੇ ਹੋਰ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਆਉਣ ਵਾਲੀਆਂ ਫੋਨ ਕਾਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੌਕੇ ਉੱਤੇ ਫੋਨ ਰਾਹੀਂ ਸਲਾਹ ਲੈਣ ਲਈ ਆਏ ਇੱਕ ਮਰੀਜ਼ ਨਾਲ ਖ਼ੁਦ ਗੱਲਬਾਤ ਵੀ ਕੀਤੀ ਅਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਰੈਪਿਡ ਰਿਸਪਾਂਸ ਟੀਮ (ਆਰ.ਆਰ.ਟੀ.) ਦੇ ਕੰਮਕਾਜ ਦੀ ਜਾਂਚ ਵੀ ਕੀਤੀ। ਉਨ੍ਹਾਂ ਨੇ ਈ-ਸੰਜੀਵਨੀ ਮਾਡਿਊਲ ਦੇ ਕੰਮਕਾਜ ਦਾ ਵੀ ਨਿਰੀਖਣ ਕੀਤਾ ਜਿੱਥੇ ਆਨਲਾਈਨ ਮਾਡਿਊਲ ਰਾਹੀਂ ਓ.ਪੀ.ਡੀ. ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਹੁਣ ਮਰੀਜ਼ ਆਪਣੇ ਘਰਾਂ ਤੋਂ ਈ-ਸੰਜੀਵਨੀ ਮਾਡਿਊਲ ਦਾ ਲਾਭ ਲੈ ਸਕਦੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਹੈਲਥ ਐਂਡ ਵੈੱਲਨੈੱਸ) ਦੇ ਡਾਕਟਰ ਡਿਸਪੈਂਸਰੀਆਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵਿਸ਼ੇਸ਼ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਲਈ ਜੀ.ਐਮ.ਸੀ.ਐਚ.-32 ਅਤੇ ਜੀ.ਐਮ.ਐਸ.ਐਚ.-16 ਦੇ ਮਾਹਿਰ ਡਾਕਟਰਾਂ ਨਾਲ ਸਲਾਹ ਕਰ ਸਕਦੇ ਹਨ। ਕੋਵਿਡ ਨਾਲ ਸਬੰਧਿਤ ਸਾਰੇ ਮੁੱਦਿਆਂ ਲਈ ਹੈਲਪਲਾਈਨ ਨੰਬਰ – 1075 ’ਤੇ ਕਾਲ ਕਰ ਸਕਦੇ ਹਨ ਜਿਨ੍ਹਾਂ ਨੂੰ ਫੋਨ ਉੱਤੇ ਹੀ ਡਾਕਟਰ ਵੱਲੋਂ ਸਲਾਹ ਮਸ਼ਵਰਾ ਦਿੱਤਾ ਜਾ ਸਕਦਾ ਹੈ।