ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਅਗਸਤ
ਯੂਟੀ ਦੇ ਕਾਲਜਾਂ ਵਿੱਚ ਦਾਖਲਾ ਪ੍ਰਕਿਰਿਆ ਜਾਰੀ ਹੈ ਤੇ ਪਹਿਲੀ ਕਾਊਂਸਲਿੰਗ ਮੁਕੰਮਲ ਹੋ ਚੁੱਕੀ ਹੈ ਜਿਸ ਤੋਂ ਬਾਅਦ ਯੂਟੀ ਦੇ ਉਚ ਸਿੱਖਿਆ ਵਿਭਾਗ ਨੇ ਕੇਂਦਰੀਕ੍ਰਿਤ ਦਾਖਲੇ ਤਹਿਤ ਖਾਲੀ ਰਹਿ ਗਈਆਂ ਸੀਟਾਂ ਦੀ ਜਾਣਕਾਰੀ ਆਪਣੀ ਵੈਬਸਾਈਟ ’ਤੇ ਨਸ਼ਰ ਕੀਤੀ ਹੈ।
ਇਸ ਵੇਲੇ ਬੀ.ਕਾਮ ਪਹਿਲੇ ਸਾਲ ਲਈ 1457 ਸੀਟਾਂ ਖਾਲੀ ਹਨ ਜਦਕਿ ਬੀਸੀਏ ਦੀਆਂ 701 ਤੇ ਬੀਬੀਏ ਦੀਆਂ 519 ਸੀਟਾਂ ਖਾਲੀ ਹਨ। ਪਹਿਲੀ ਕਾਊਂਸਲਿੰਗ 16 ਤੇ 17 ਅਗਸਤ ਨੂੰ ਹੋਈ ਸੀ। ਹੁਣ ਉਚ ਸਿੱਖਿਆ ਵਿਭਾਗ 21 ਅਗਸਤ ਨੂੰ ਸ਼ਾਮ ਪੰਜ ਵਜੇ ਦੂਜਾ ਆਨਲਾਈਨ ਸੈਂਟਰਲਾਈਜ਼ਡ ਸ਼ਿਡਿਊਲ ਜਾਰੀ ਕਰੇਗਾ ਜਿਸ ਵਿਚ ਖਾਮੀਆਂ ਦੂਰ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਨਾਂ ਨਸ਼ਰ ਕੀਤੇ ਜਾਣਗੇ। ਵਿਭਾਗ ਦੇ ਰਿਕਾਰਡ ਅਨੁਸਾਰ ਇਸ ਵੇਲੇ ਬੀਐੱਸਸੀ ਨਾਨ-ਮੈਡੀਕਲ ਦੀਆਂ 1356, ਬੀਐੱਸਸੀ ਮੈਡੀਕਲ ਦੀਆਂ 703 ਸੀਟਾਂ ਖਾਲੀ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੇ ਆਰਟਸ ਸਟਰੀਮ ਨੂੰ ਵੀ ਤਰਜੀਹ ਦਿੱਤੀ ਹੈ। ਉਚ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਕਾਲਜਾਂ ਵਿਚ ਦਾਖਲੇ ਲਈ ਦੋ ਕਾਊਂਸਲਿੰਗਾਂ ਹੋਣਗੀਆਂ ਤੇ ਦੋ ਕਾਊਂਸਲਿੰਗਾਂ ਤੋਂ ਬਾਅਦ ਵੀ ਜੇੇ ਸੀਟਾਂ ਖਾਲੀ ਰਹਿੰਦੀਆਂ ਹਨ ਤਾਂ ਉਹ ਸੀਟਾਂ ਕਾਲਜ ਆਪਣੇ ਪੱਧਰ ’ਤੇ ਭਰਨਗੇ।
ਦੂਜੀ ਕਾਊਂਸਲਿੰਗ 23 ਤੇ 24 ਨੂੰ
ਕਾਲਜਾਂ ਵਿੱਚ ਦਾਖਲੇ ਲਈ ਦੂਜੀ ਕਾਊਂਸਲਿੰਗ 23 ਤੇ 24 ਅਗਸਤ ਨੂੰ ਕਰਵਾਈ ਜਾਵੇਗੀ। 23 ਅਗਸਤ ਨੂੰ ਯੂਟੀ ਪੂਲ ਤੇ 24 ਅਗਸਤ ਨੂੰ ਨਾਨ-ਯੂਟੀ ਪੂਲ, ਰਾਖਵੀਆਂ ਸੀਟਾਂ ਆਦਿ ਦੀ ਕਾਊਂਸਲਿੰਗ ਕਰਵਾਈ ਜਾਵੇਗੀ। ਵਿਭਾਗ ਅਨੁਸਾਰ ਬੀ.ਕਾਮ ਵਿਚ ਵੀ ਵਿਦਿਆਰਥੀਆਂ ਨੇ ਕਾਫੀ ਉਤਸ਼ਾਹ ਦਿਖਾਇਆ ਹੈ ਤੇ ਦੂਜੀ ਕਾਊਂਸਲਿੰਗ ਵਿਚ ਵੀ ਸਾਰੀਆਂ ਸੀਟਾਂ ਭਰ ਜਾਣਗੀਆਂ।