ਕੁਲਦੀਪ ਸਿੰਘ
ਚੰਡੀਗੜ੍ਹ, 10 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿੱਚ ਨਵੇਂ ਦਾਖਲਿਆਂ ਲਈ ‘ਸਿੰਗਲ ਗਰਲ ਚਾਈਲਡ’, ‘ਰੂਰਲ ਏਰੀਆ’ ਅਤੇ ‘ਬਾਰਡਰ ਏਰੀਆ’ ਕੋਟੇ ਖ਼ਤਮ ਕਰਨ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿੱਚ 2021-22 ਸੈਸ਼ਨ ਵਿੱਚ ਬੀ.ਟੈੱਕ. ਤੇ ਬੀ.ਈ. ਪਹਿਲੇ ਸਾਲ ਵਿੱਚ ਦਾਖਲੇ ਦੀਆਂ ਸੀਟਾਂ ਵਿੱਚ ‘ਸਿੰਗਲ ਗਰਲ ਚਾਈਲਡ’, ‘ਰੂਰਲ ਏਰੀਆ’ ਅਤੇ ‘ਬਾਰਡਰ ਏਰੀਆ’ ਦੇ ਕੋਟੇ ਤਹਿਤ ਵਿਦਿਆਰਥੀਆਂ ਨੂੰ ਵਿਚਾਰਿਆ ਨਹੀਂ ਜਾ ਰਿਹਾ ਹੈ। ਇਸ ਸਬੰਧ ਵਿੱਚ ਪੀ.ਯੂ. ਦੇ ਸਾਬਕਾ ਸੈਨੇਟਰ ਅਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਪੱਤਰ ਭੇਜ ਕੇ ਇਨ੍ਹਾਂ ਤਿੰਨੋਂ ਕੋਟਿਆਂ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ।
ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਪੰਜਾਬ ਯੂਨੀਵਰਸਿਟੀ ਅਥਾਰਿਟੀ ਨੇ ਇਨ੍ਹਾਂ ਕੋਰਸਾਂ ਵਿੱਚ ਦਾਖਲੇ ਦੀਆਂ ਸੀਟਾਂ ਵਿੱਚ ‘ਸਿੰਗਲ ਗਰਲ ਚਾਈਲਡ’, ‘ਰੂਰਲ ਏਰੀਆ’ ਅਤੇ ‘ਬਾਰਡਰ ਏਰੀਆ’ ਕੋਟਾ ਖ਼ਤਮ ਕਰ ਦਿੱਤਾ ਹੈ। ਇਨ੍ਹਾਂ ਕੋਰਸਾਂ ਵਿੱਚ 2015-16 ਵਿੱਚ ਇਨ੍ਹਾਂ ਸ਼੍ਰੇਣੀਆਂ ਦੇ ਬੱਚਿਆਂ ਲਈ ਵੱਖਰੇ ਤੌਰ ’ਤੇ ਵਾਧੂ ਸੀਟਾਂ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਦਾਖਲਾ ਦਿੱਤਾ ਜਾਂਦਾ ਸੀ। ਹੁਣ ਅਚਾਨਕ ਇਨ੍ਹਾਂ ਸੀਟਾਂ ਨੂੰ ਖ਼ਤਮ ਕਰਨ ਦੇ ਫ਼ੈਸਲੇ ਨਾਲ ਇਨ੍ਹਾਂ ਸ਼੍ਰੇਣੀਆਂ ਵਿੱਚ ਆਉਣ ਵਾਲੇ ਵਿਦਿਆਰਥੀਆਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਅਭਿਆਨ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਨੇ ਸਿੰਗਲ ਗਰਲ ਚਾਈਲਡ ਕੋਟਾ ਸ਼ੁਰੂ ਕੀਤਾ ਸੀ ਅਤੇ ਪੀਯੂ ਦੀ ਗਵਰਨਿੰਗ ਬਾਡੀ ਸੈਨੇਟ ਨੇ ਇਸ ਨੂੰ ਮਨਜ਼ੂਰ ਕੀਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸੈਨੇਟ ਦੀ ਮਨਜ਼ੂਰੀ ਤੋਂ ਬਗੈਰ ਹੀ ਇਸ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ ਹੈ। ਇਹ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਹੈ, ਬਲਕਿ ਮਹਿਲਾ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਦੇ ਵੀ ਵਿਰੁੱਧ ਹੈ।
ਡੀਪੀਆਰਓ ਦਾ ਪੱਖ
ਪੀਯੂ ਦੀ ਡੀਪੀਆਰਓ ਮੈਡਮ ਰੇਣੂਕਾ ਸਲਵਾਨ ਨੇ ਡੀ.ਯੂ.ਆਈ. ਦੇ ਹਵਾਲੇ ਨਾਲ ਦੱਸਿਆ ਕਿ ’ਵਰਸਿਟੀ ਵੱਲੋਂ ਹੈਂਡ ਬੁੱਕ ਆਫ਼ ਇਨਫਾਰਮੇਸ਼ਨ ਮੁਤਾਬਕ ਦਾਖਲੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਕੋਰਸਾਂ ਨਾਲ ਸਬੰਧਤ ਗਵਰਨਿੰਗ ਬਾਡੀਜ਼ ਦੇ ਨਿਯਮਾਂ ਨੂੰ ਵੀ ਦੇਖਿਆ ਜਾਂਦਾ ਹੈ। ਜੇਕਰ ਇਨ੍ਹਾਂ ਨਿਯਮਾਂ ਵਿੱਚ ਉਕਤ ਕੋਟਿਆਂ ਨੂੰ ਪਹਿਲ ਨਹੀਂ ਦਿੱਤੀ ਗਈ ਤਾਂ ਯੂਨੀਵਰਸਿਟੀ ਅਥਾਰਿਟੀ ਵੀ ਸਬੰਧਤ ਕੋਰਸਾਂ ਦੀ ਗਵਰਨਿੰਗ ਬਾਡੀਜ਼ ਦੇ ਨਿਯਮਾਂ ਨੂੰ ਅਪਣਾਉਂਦੀ ਹੈ।