ਕੁਲਦੀਪ ਸਿੰਘ
ਚੰਡੀਗੜ੍ਹ, 28 ਜੂਨ
ਪੰਜਾਬ ਯੂਨੀਵਰਸਿਟੀ ਦੇ ਨਿਊਕਲੀਅਰ ਮੈਡੀਸਿਨ ਸੈਂਟਰ ਵਿੱਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ’ਵਰਸਿਟੀ ਦੇ ਵੱਡੀ ਗਿਣਤੀ ਸਕਿਉਰਿਟੀ ਕਰਮਚਾਰੀਆਂ ਨੂੰ ਲੈ ਕੇ ਕੰਸਟਰਕਸ਼ਨ ਆਫ਼ਿਸ ਦੇ ਸਟਾਫ਼ ਦੀ ਟੀਮ ਸੈਕਟਰ-25 ਸਥਿਤ ਵਿਭਾਗ ਦੀ ਇਮਾਰਤ ਖਾਲੀ ਕਰਵਾਉਣ ਲਈ ਪੁੱਜ ਗਈ। ਜਿਵੇਂ ਹੀ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਇਸ ਦੀ ਭਿਣਕ ਪਈ ਤਾਂ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਅਤੇ ਵਾਈਸ ਪ੍ਰਧਾਨ ਪ੍ਰੋ. ਸੁਪਿੰਦਰ ਕੌਰ ਸਣੇ ਹੋਰ ਕਈ ਅਧਿਆਪਕ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਕਾਫ਼ੀ ਹੰਗਾਮਾ ਹੋਇਆ ਅਤੇ ਅਧਿਆਪਕਾਂ ਵੱਲੋਂ ਪੀ.ਯੂ. ਅਥਾਰਿਟੀ ਦੀ ਤਾਨਾਸ਼ਾਹੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਜਦੋਂ ਟੀਮ ਤੋਂ ਖਾਲੀ ਕਰਵਾਉਣ ਸਬੰਧੀ ਕੋਈ ਅਥਾਰਿਟੀ ਦੇ ਹੁਕਮ ਮੰਗੇ ਗਏ ਤਾਂ ਉਹ ਕੁਝ ਦਿਖਾ ਨਹੀਂ ਸਕੇ, ਜਿਸ ਕਾਰਨ ਟੀਮ ਨੂੰ ਬੇਰੰਗ ਵਾਪਸ ਮੁੜਨਾ ਪਿਆ।
ਇਸ ਸਬੰਧੀ ਪੂਟਾ ਦੇ ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਨੇ ਦੱਸਿਆ ਕਿ ਪੀਯੂ ਦਾ ਨਿਊਕਲੀਅਰ ਮੈਡੀਸਿਨ ਵਿਭਾਗ ਲਗਭਗ 10-12 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਵਿਭਾਗ ਦਾ ਪੀ.ਜੀ.ਆਈ. ਚੰਡੀਗੜ੍ਹ ਨਾਲ ਵੀ ਟਾਈਅੱਪ ਹੈ ਅਤੇ ਇਸ ਵਿਭਾਗ ਤੋਂ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਤ-ਪ੍ਰਤੀਸ਼ਤ ਪਲੇਸਮੈਂਟ ਵੀ ਮਿਲਦੀ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਪੀਯੂ ਅਥਾਰਿਟੀ ਸਾਰੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇੰਨੇ ਵਧੀਆ ਸੈਂਟਰ ਨੂੰ ਤਾਲ਼ਾ ਲਗਾਉਣ ਦੀ ਤਿਆਰੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਥਾਰਿਟੀ ਦੀ ਇਸ ਕਥਿਤ ਤਾਨਾਸ਼ਾਹੀ ਦੀ ਪੂਟਾ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਪੂਟਾ ਅਹੁਦੇਦਾਰਾਂ ਨੇ ਪੀਯੂ ਦੇ ਇਸ ਸੈਂਟਰ ਨੂੰ ਤਾਲ਼ਾ ਲੱਗਣ ਤੋਂ ਬਚਾਉਣ ਲਈ ਸਮਾਜ ਦੇ ਹਰ ਵਰਗ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ।