ਪੱਤਰ ਪ੍ਰੇਰਕ
ਚੰਡੀਗੜ੍ਹ, 2 ਦਸੰਬਰ
ਕਰੀਅਰ ਐਡਵਾਂਸਮੈਂਟ ਸਕੀਮ (ਕੈਸ) ਤਹਿਤ ਤਰੱਕੀਆਂ ਲਈ ਅਧਿਆਪਕਾਂ ਦੀ ਇੰਟਰਵਿਊਜ਼ ਲੈਣ ਦੀ ਮੰਗ ਸਬੰਧੀ ਰੋਜ਼ਾਨਾ ਧਰਨਾ ਦੇ ਰਹੇ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਅਹੁਦੇਦਾਰਾਂ ਵੱਲੋਂ ਅੱਜ ਧਰਨੇ ਤੋਂ ਇਲਾਵਾ ਸ਼ਾਮ ਸਮੇਂ ਪੀਯੂ ਕੈਂਪਸ ਦੇ ਰਿਹਾਇਸ਼ੀ ਖੇਤਰ ਵਿੱਚ ਮਸ਼ਾਲ ਜਗਾ ਕੇ ‘ਜਾਗੋ’ ਕੱਢੀ ਤੇ ਰੋਸ ਮਾਰਚ ਕੀਤਾ।
ਪੂਟਾ ਦੀ ਉਪ ਪ੍ਰਧਾਨ ਡਾ. ਸੁਪਿੰਦਰ ਕੌਰ ਤੇ ਡਾ. ਰਾਜੇਸ਼ ਗਿੱਲ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀ ਅਧਿਆਪਕਾਵਾਂ ਨੇ ਖ਼ੁਦ ਦੀਆਂ ਤਿਆਰ ਕੀਤੀਆਂ ਬੋਲੀਆਂ ਗਾ ਕੇ ਢੋਲ ਦੀ ਥਾਪ ’ਤੇ ਗਿੱਧਾ ਪਾਇਆ ਅਤੇ ਪੀਯੂ ਅਧਿਕਾਰੀਆਂ ਦਾ ਧਿਆਨ ਆਪਣੀਆਂ ਮੰਗਾਂ ਵੱਲ ਖਿੱਚਿਆ। ਉਨ੍ਹਾਂ ਬੋਲੀਆਂ ਵਿੱਚ ‘ਜਾਗੋ ਵੀ.ਸੀ. ਜਾਗੋ’ ਵਰਗੇ ਬੋਲ ਸ਼ਾਮਲ ਕਰਕੇ ਉਪ-ਕੁਲਪਤੀ ਦੇ ਕਥਿਤ ਤਾਨਾਸ਼ਾਹੀ ਵਤੀਰੇ ਨੂੰ ਜੱਗ ਜਾਹਰ ਕੀਤਾ ਅਤੇ ਕੈਸ ਪ੍ਰਮੋਸ਼ਨਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਮੰਗ ਕੀਤੀ।
ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਅਮਰਜੀਤ ਸਿੰਘ ਨੌਹਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੀਯੂ ਵਿੱਚ ਕੈਸ ਪ੍ਰਮੋਸ਼ਨਾਂ ਦੀ ਜਾਇਜ਼ ਮੰਗ ਨੂੰ ਲੈ ਕੇ ਪੂਟਾ ਵੱਲੋਂ ਰੋਜ਼ਾਨਾ ਇੱਕ ਘੰਟੇ ਲਈ ਉਪ-ਕੁਲਪਤੀ ਦੀ ਰਿਹਾਇਸ਼ ਦੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਰ ਉਹ ਆਪਣਾ ਕਥਿਤ ਅਧਿਆਪਕ-ਵਿਰੋਧੀ ਵਤੀਰਾ ਨਹੀਂ ਤਿਆਗ ਰਹੇ ਹਨ। ਐਸੋਸੀਏਸ਼ਨ ਦੇ ਅਹੁਦੇਦਾਰਾਂ ਕੇਸ਼ਵ ਮਲਹੋਤਰਾ, ਨਿਤਿਨ ਅਰੋੜਾ, ਜੇ.ਕੇ. ਗੋਸਵਾਮੀ, ਸੁਮਨ ਸੁੰਮੀ ਆਦਿ ਨੇ ਕਿਹਾ ਕਿ ਉਹ ਮੰਗ ਪੂਰੀ ਕਰਵਾਉਣ ਲਈ ਵੱਖ-ਵੱਖ ਢੰਗਾਂ ਨਾਲ ਆਪਣਾ ਸੰਘਰਸ਼ ਜਾਰੀ ਰੱਖਣਗੇ।