ਪੱਤਰ ਪ੍ਰੇਰਕ
ਚੰਡੀਗੜ੍ਹ, 15 ਦਸੰਬਰ
ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਦੀ 7ਵੇਂ ਤਨਖਾਹ ਕਮਿਸ਼ਨ ਅਤੇ ਨਵੀਆਂ ਭਰਤੀਆਂ ਵਿੱਚ ਤਨਖਾਹ ਸਕੇਲਾਂ ਨੂੰ ਯੂਜੀਸੀ ਨਾਲੋਂ ਡੀ-ਲਿੰਕ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੀਯੂ ਵਿੱਚ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅਕਾਦਮਿਕ ਗਤੀਵਿਧੀਆਂ ਵੀ ਬੰਦ ਰੱਖੀਆਂ ਗਈਆਂ। ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਵੱਖ-ਵੱਖ ਵਿਭਾਗਾਂ ਵੱਲ ਪੈਦਲ ਰੋਸ ਮਾਰਚ ਵੀ ਕੀਤਾ।
ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ, ਮੀਤ ਪ੍ਰਧਾਨ ਪ੍ਰੋ. ਸੁਪਿੰਦਰ ਕੌਰ ਨੇ ਪੀ.ਯੂ. ਵਿੱਚ ਨਿਰਧਾਰਿਤ ਸਮੈਸਟਰ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਵਿੱਚ ਅਗਵਾਈ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਚੇਅਰਪਰਸਨਾਂ/ ਐਚ.ਓ.ਡੀਜ਼ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਉਹ ਅਧਿਆਪਕ ਵਰਗ ਦੇ ਉਦੇਸ਼ ਨੂੰ ਮਜ਼ਬੂਤ ਕਰਨ ਲਈ ਸਾਰੀਆਂ ਵਿੱਦਿਅਕ ਗਤੀਵਿਧੀਆਂ ਨੂੰ ਬੰਦ ਕਰਨ। ਪੈਦਲ ਰੋਸ ਮਾਰਚ ਕਰ ਰਹੇ ਅਧਿਆਪਕ ਏ.ਸੀ. ਜੋਸ਼ੀ ਲਾਇਬ੍ਰੇਰੀ ਪੁੱਜੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਅਤੇ ਪੰਜਾਬ ਦੀ ਉਚੇਰੀ ਸਿੱਖਿਆ ਪ੍ਰਣਾਲੀ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ।