ਪੱਤਰ ਪ੍ਰੇਰਕ
ਚੰਡੀਗੜ੍ਹ, 11 ਅਗਸਤ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਾਲੇ ਵਿਦਿਆਰਥੀਆਂ ਦੀਆਂ ਰੋਕੀਆਂ ਹੋਈਆਂ ਡਿਗਰੀਆਂ ਰਿਲੀਜ਼ ਕਰਵਾਉਣ, ਰਾਖਵੇਂਕਰਨ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਸਮੇਤ ਕਈ ਮੰਗਾਂ ਨੂੰ ਲੈ ਕੇ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਸ਼ੁਰੂ ਕੀਤੇ ਗਏ ਧਰਨੇ ਦੇ ਅੱਜ ਛੇਵੇਂ ਦਿਨ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਆਗੂਆਂ ਨੇ ਸ਼ਿਰਕਤ ਕੀਤੀ। ਧਰਨੇ ਵਿੱਚ ਟ੍ਰਾਈਸਿਟੀ ਦੀਆਂ 20 ਜਥੇਬੰਦੀਆਂ ’ਤੇ ਆਧਾਰਿਤ ਡਾ. ਅੰਬੇਡਕਰ ਸੰਯੁਕਤ ਸੰਘਰਸ਼ ਮੋਰਚਾ, ਕੇਂਦਰੀ ਸਿੰਘ ਸਭਾ ਗੁਰਦੁਆਰਾ ਸੈਕਟਰ-28 ਤੋਂ ਅਹੁਦੇਦਾਰਾਂ, ਬਾਮਸੇਫ਼, ਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਅਤੇ ਪ੍ਰੋ. ਮਨਜੀਤ ਸਿੰਘ ਸਮੇਤ ਵਿਦਿਆਰਥੀ ਜਥੇਬੰਦੀਆਂ ਵਿੱਚੋਂ ‘ਸੱਥ’, ਪੰਜਾਬ ਫੈਮੀਨਿਸਟ ਯੂਨੀਅਨ ਆਫ਼ ਸਟੂਡੈਂਟਸ, ਪੀਯੂ ਐੱਚਐੱਚ, ਐੱਨਐੱਸਯੂਆਈ, ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ, ਐੱਸਐੱਫਐੱਸ, ਆਈਏਐੱਸਏ. ਵੱਲੋਂ ਵਿਦਿਆਰਥੀ ਆਗੂ ਸ਼ਾਮਲ ਹੋਏ। ਧਰਨਾਕਾਰੀਆਂ ਨੇ ਪੀਯੂ ਪ੍ਰਸ਼ਾਸਨ ਨੂੰ ਵਾਸਤੇ ਪਾਏ ਅਤੇ ਦਲਿਤ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਨਾਅਰੇ ਲਗਾਏ ਗਏ। ਵਿਦਿਆਰਥੀ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜਲਦ ਮੰਗਾਂ ਨਾ ਮੰਨੀਆਂ ਤਾਂ ਯੂਨੀਵਰਸਿਟੀ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਛੇੜ ਕੇ ਪੂਰਨ ਰੂਪ ਵਿੱਚ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ।