ਕੁਲਦੀਪ ਸਿੰਘ
ਚੰਡੀਗੜ੍ਹ, 4 ਫ਼ਰਵਰੀ
ਪੰਜਾਬ ਯੂਨੀਵਰਸਿਟੀ ਵਿੱਚ ਐਮ.ਫਿਲ ਦੇ ਸਕਾਲਰਾਂ ਲਈ ਹੋਸਟਲ ਖੁੱਲ੍ਹਵਾਉਣ ਅਤੇ ਪੀਐਚ. ਡੀ ਦੇ ਨਵੇਂ ਦਾਖਲਿਆਂ ਵਾਲੇ ਪਹਿਲੇ ਸਾਲ ਦੇ ਸਕਾਲਰਾਂ ਨੂੰ ਹੋਸਟਲ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਵੱਲੋਂ ਉਪ-ਕੁਲਪਤੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਵਿੱਚ ਸ਼ਾਮਲ ਤਿੰਨ ਦਰਜਨ ਤੋਂ ਵੀ ਵੱਧ ਸਕਾਲਰਾਂ ਨੇ ਉਪ-ਕੁਲਪਤੀ, ਡੀਨ (ਯੂਨੀਵਰਸਿਟੀ ਇੰਟਸਰੱਕਸ਼ਨਜ਼) ਅਤੇ ਡੀਨ (ਵਿਦਿਆਰਥੀ ਭਲਾਈ) ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਟੀਚਾ ਉਪ-ਕੁਲਪਤੀ ਦੇ ਦਫ਼ਤਰ ਅੰਦਰ ਜਾ ਕੇ ਮੰਗ ਪੱਤਰ ਸੌਂਪਣ ਦਾ ਸੀ ਪਰ ਮੌਕੇ ’ਤੇ ਪਹੁੰਚੀ ਪੁਲੀਸ ਨੇ ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਅੰਦਰ ਜਾਣ ਤੋਂ ਰੋਕ ਦਿੱਤਾ। ਇਸੇ ਦੌਰਾਨ ਡੀ.ਐੱਸ.ਡਬਲਿਊ ਦਫ਼ਤਰ ਤੋਂ ਮੌਕੇ ’ਤੇ ਪਹੁੰਚੇ ਪ੍ਰਤੀਨਿਧੀ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਐਮ.ਫਿਲ ਵਿਦਿਆਰਥੀਆਂ ਲਈ ਹੋਸਟਲ ਖੋਲ੍ਹਣ ਸਬੰਧੀ ਜਲਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੀਐੱਚ.ਡੀ ਦੇ ਪਹਿਲੇ ਸਾਲ ਵਾਲੇ ਵਿਦਿਆਰਥੀਆਂ ਲਈ ਵੀ ਹੋਸਟਲ ਅਲਾਟ ਕਰਵਾਉਣ ਦੀ ਮੰਗ ਉਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਐੱਸ.ਐੱਫ.ਐੱਸ. ਆਗੂ ਸੰਦੀਪ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਵਾਰ-ਵਾਰ ਰੱਖੀ ਜਾ ਰਹੀ ਮੰਗ ਅਤੇ ਪੰਜਾਬ ਯੂਨੀਵਰਸਿਟੀ ਰਿਸਰਚ ਸਕਾਲਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਪੀਯੂ ਪ੍ਰਸ਼ਾਸਨ ਐਮ.ਫਿਲ ਦੇ ਸਕਾਲਰਾਂ ਲਈ ਹੋਸਟਲ ਨਹੀਂ ਖੋਲ੍ਹ ਰਿਹਾ ਜਿਸ ਕਾਰਨ ਸਕਾਲਰਾਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਕਾਲਰਾਂ ਲਈ ਹੋਸਟਲ ਤੁਰੰਤ ਖੋਲ੍ਹੇ ਜਾਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।