ਕੁਲਦੀਪ ਸਿੰਘ
ਚੰਡੀਗੜ੍ਹ, 1 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿੱਚ ਕਰੀਬ ਇੱਕ ਮਹੀਨਾ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਾਈਸ ਚਾਂਸਲਰ ਦੇ ਕੀਤੇ ਘਿਰਾਓ ਉਪਰੰਤ ਚੰਡੀਗੜ੍ਹ ਪੁਲੀਸ ਵੱਲੋਂ ਦਰਜ ਕੀਤੇ ਕੇਸ ਤੋਂ ਭੜਕੇ ਵਿਦਿਆਰਥੀਆਂ ਵੱਲੋਂ ਅੱਜ ਵਾਈਸ ਚਾਂਸਲਰ ਦਫ਼ਤਰ ਦੇ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀ ਜਥੇਬੰਦੀਆਂ ਪੀਐੱਸਯੂ ਲਲਕਾਰ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਐੱਸਐੱਫਐੱਸ, ਐੱਸਓਆਈ, ਆਈਸਾ, ਪੁਸੂ, ਸੱਥ, ਆਈਐੱਸਏ, ਐੱਨਐੱਸਯੂਆਈ, ਯੂਥ ਫਾਰ ਸਵਰਾਜ, ਸੋਪੂ, ਐੱਸਐੱਫਆਈ ਉਤੇ ਅਧਾਰਿਤ ਜੁਆਇੰਟ ਸਟੂਡੈਂਟਸ ਐਕਸ਼ਨ ਕਮੇਟੀ ਦੇ ਬੈਨਰ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਕਿਸਾਨ ਆਗੂਆਂ, ਫਿਲਮੀ ਕਲਾਕਾਰਾਂ, ਚੰਡੀਗੜ੍ਹ ਪੰਜਾਬੀ ਮੰਚ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਨੌਜਵਾਨ ਭਾਰਤ ਸਭਾ, ਨੌਜਵਾਨ ਕਿਸਾਨ ਏਕਤਾ, ਕਿਸਾਨ ਏਕਤਾ ਚੰਡੀਗੜ੍ਹ ਦੇ ਆਗੂਆਂ ਨੇ ਵੀ ਸ਼ਿਰਕਤ ਕਰਕੇ ਵਿਦਿਆਰਥੀਆਂ ਖਿਲਾਫ਼ ਦਰਜ ਪੁਲੀਸ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਪੀ.ਯੂ. ਦੇ ਯੂ.ਬੀ.ਐਸ. ਵਿਭਾਗ ਵਿੱਚ ਇੱਕ ਮਹਿਲਾ ਅਧਿਕਾਰੀ ਦੇ ਪੁੱਤਰ ਦੇ ਕੀਤੇ ਗਏ ਦਾਖਲੇ ਨੂੰ ਵੀ ਗੈਰਕਾਨੂੰਨੀ ਦੱਸਦਿਆਂ ਉਸ ਮਹਿਲਾ ਅਧਿਕਾਰੀ ਖਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ। ਜਿਨ੍ਹਾਂ ਵਿਦਿਆਰਥੀ ਆਗੂਆਂ ਖਿਲਾਫ਼ ਕੇਸ ਦਰਜ ਹੋਇਆ ਹੈ ਉਨ੍ਹਾਂ ਪੀ.ਐਸ.ਯੂ. ਲਲਕਾਰ ਤੋਂ ਅਮਨਦੀਪ ਕੌਰ, ਐਨ.ਐਸ.ਯੂ.ਆਈ. ਤੋਂ ਪਰਗਟ ਸਿੰਘ, ਰਾਹੁਲ ਕੁਮਾਰ, ਸਰਵੋਤਮ ਰਾਣਾ ਸ਼ਾਮਲ ਹਨ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਵਿੱਚ ਅਮਨਦੀਪ ਸਿੰਘ, ਗੁਰਦੀਪ ਸਿੰਘ, ਅੰਕੁਰ, ਪਰਗਟ ਸਿੰਘ, ਅਮਨਦੀਪ ਕੌਰ, ਹਰਸ਼ ਆਦਿ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਸੰਘ ਦਾ ਬੋਲਬਾਲਾ ਹੈ ਜਿੱਥੇ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਐਡਵੋਕੇਟ ਮਨਦੀਪ ਸਿੰਘ, ਪ੍ਰੋ. ਮਨਜੀਤ ਸਿੰਘ, ਸੁਰਜੀਤ ਦੌਧਰ, ਫ਼ਿਲਮ ਅਦਾਕਾਰ ਤੇ ਡਾਇਰੈਕਟਰ ਅਮਿਤੋਜ ਮਾਨ, ਰਾਜ ਕੌਰ, ਸਤਨਾਮ ਸਿੰਘ ਟਾਂਡਾ, ਮਾਨਵਜੋਤ ਸਿੰਘ, ਸੰਯੁਕਤ ਕਿਸਾਨ ਮੋਰਚੇ ਤੋਂ ਸੁਰੇਸ਼ ਕੌਤ ਆਦਿ ਨੇ ਪੁਲੀਸ ਕੇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਇਹ ਕੇਸ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਜੇਕਰ ਜਲਦ ਤੋਂ ਜਲਦ ਇਹ ਰੱਦ ਨਾ ਕੀਤਾ ਗਿਆ ਤਾਂ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਖਿਲਾਫ਼ ਬਹੁਤ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਅਥਾਰਿਟੀ ਦੀ ਤੁਲਨਾ ਗੋਡਸੇ ਨਾਲ ਕੀਤੀ
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਦਰਸਾਏ ਮਾਰਗ ਉਤੇ ਚੱਲ ਰਹੀਆਂ ਹਨ ਜਦਕਿ ਪੀ.ਯੂ. ਅਥਾਰਿਟੀ ਵਿਦਿਆਰਥੀਆਂ ਉਤੇ ਪੁਲੀਸ ਕੇਸ ਦਰਜ ਕਰਵਾ ਕੇ ‘ਨੱਥੂ ਰਾਮ ਗੌਡਸੇ’ ਵਾਲੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਕੇਸ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਵੀ.ਸੀ. ਨੂੰ ਹਰ ਮੋੜ ’ਤੇ ਨਿੱਤ ਘੇਰਨਗੇ।